#CANADA

ਭਾਰਤ-ਕੈਨੇਡਾ ਕੂਟਨੀਤਿਕ ਤਣਾਅ ਕਾਰਨ 42 ਫ਼ੀਸਦੀ ਘਟੀ VISA ਪ੍ਰੋਸੈਸਿੰਗ ਦਰ

ਓਟਾਵਾ, 19 ਫਰਵਰੀ (ਪੰਜਾਬ ਮੇਲ)-ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਸਾਲ ਕੂਟਨੀਤਕ ਤਣਾਅ ਦੇਖਣ ਨੂੰ ਮਿਲਿਆ। ਤਣਾਅ ਦੇ ਚੱਲਦਿਆਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਕੈਨੇਡਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਪੋਰਟਲ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਅਕਤੂਬਰ-ਦਸੰਬਰ 2022 ਦੇ ਮੁਕਾਬਲੇ 2023 ਦੀ ਆਖਰੀ ਤਿਮਾਹੀ ਵਿਚ ਕੈਨੇਡਾ ਦੁਆਰਾ ਫਾਈਨਲ ਕੀਤੀ ਗਈ ਭਾਰਤੀਆਂ ਦੀ ਗਿਣਤੀ ਵਿਚ 42 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਕੈਨੇਡਾ ਨੇ ਅਕਤੂਬਰ-ਦਸੰਬਰ 2023 ਵਿਚ ਸਿਰਫ਼ 69,203 ਅਰਜ਼ੀਆਂ ਦੀ ਹੀ ਇਜਾਜ਼ਤ ਦਿੱਤੀ ਹੈ। 2022 ਦੀ ਇਸੇ ਮਿਆਦ ਦੌਰਾਨ 1.19 ਲੱਖ ਅਰਜ਼ੀਆਂ ‘ਤੇ ਕਾਰਵਾਈ ਕੀਤੀ ਗਈ ਸੀ, ਜੋ ਕਿ ਵੱਡੀ ਕਮੀ ਨੂੰ ਦਰਸਾਉਂਦਾ ਹੈ। 2022 ਅਤੇ 2023 ਵਿਚਕਾਰ ਕੈਨੇਡੀਅਨ ਅਧਿਕਾਰੀਆਂ ਦੁਆਰਾ ਫਾਈਨਲ ਕੀਤੇ ਗਏ ਵਿਦਿਆਰਥੀ ਪਰਮਿਟਾਂ ਦੀ ਕੁੱਲ ਸੰਖਿਆ ਵਿਚ 15 ਪ੍ਰਤੀਸ਼ਤ ਦੀ ਕਮੀ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਕੈਨੇਡਾ ਲਈ ਸਟੱਡੀ ਪਰਮਿਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘੱਟੋ-ਘੱਟ ਛੇ ਮਹੀਨਿਆਂ ਦੇ ਲੰਬੇ ਪ੍ਰੋਗਰਾਮ ਲਈ ਜਾਰੀ ਕੀਤਾ ਜਾਂਦਾ ਹੈ।
ਜ਼ਿਆਦਾਤਰ ਪਰਮਿਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲ ਹੋਏ ਵਿਦਿਆਰਥੀਆਂ ਕੋਲ ਹੁੰਦੇ ਹਨ। ਇਸ ਗਿਣਤੀ ਵਿਚ ਗਿਰਾਵਟ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਕਿਉਂਕਿ ਆਈ.ਆਰ.ਸੀ.ਸੀ. ਨੇ ਪਹਿਲਾਂ ਹੀ 19 ਅਕਤੂਬਰ 2023 ਨੂੰ ਇੱਕ ਬਿਆਨ ਵਿਚ ਵੀਜ਼ਾ ਪ੍ਰੋਸੈਸਿੰਗ ਟਾਈਮਲਾਈਨਾਂ ‘ਤੇ ਮਾੜੇ ਪ੍ਰਭਾਵ ਦੀ ਚਿਤਾਵਨੀ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਕੈਨੇਡਾ ਨੂੰ ਭਾਰਤ ਤੋਂ 62 ਡਿਪਲੋਮੈਟਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਿਚੋਂ 43 ਨੂੰ ਵਾਪਸ ਲੈਣ ਲਈ ਕਿਹਾ ਗਿਆ ਸੀ। ਸਟਾਫ ਦੀ ਕਮੀ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਮੁੰਬਈ ਦੇ ਇਕ ਸਿੱਖਿਆ ਸਲਾਹਕਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸਟੱਡੀ ਪਰਮਿਟ ਲਈ ਟਰਨਅਰਾਊਂਡ ਟਾਈਮ ਛੇ ਮਹੀਨੇ ਵਧ ਸਕਦਾ ਹੈ। ਹਾਲਾਂਕਿ ਮੇਰੇ ਤਜ਼ਰਬੇ ਵਿਚ ਪ੍ਰਕਿਰਿਆ ਕੀਤੀਆਂ ਅਰਜ਼ੀਆਂ ਦੀ ਗਿਣਤੀ ਵਿਚ ਗਿਰਾਵਟ ਹੋ ਸਕਦੀ ਹੈ। ਵਿਦਿਆਰਥੀ ਅਜੇ ਵੀ ਕੈਨੇਡੀਅਨ ਸਟੱਡੀ ਪਰਮਿਟ ਲਈ ਅਪਲਾਈ ਕਰ ਰਹੇ ਹਨ।’ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।