#AMERICA

ਭਾਰਤੀ ਵਿਅਕਤੀ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕੀ ਨਾਗਰਿਕਤਾ ਲੈਣ ਦੇ ਮਾਮਲੇ ‘ਚ ਗੁਨਾਹ ਕਬੂਲ  

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਭਾਰਤੀ ਮੂਲ ਦੇ ਅਮਰੀਕੀ ਨੇ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਲੈਣ ਦੇ ਮਾਮਲੇ ਵਿਚ ਆਪਣਾ ਗੁਨਾਹ ਮੰਨ ਲਿਆ ਹੈ। ਯੂ.ਐੱਸ. ਅਟਾਰਨੀ ਮਿਡਲ ਡਿਸਟ੍ਰਿਕਟ ਫਲੋਰਿਡਾ ਦਫਤਰ ਅਨੁਸਾਰ ਜੈਪ੍ਰਾਕਾਸ਼ ਗੁਲਵਾੜੀ (51) ਨੂੰ ਵਧ ਤੋਂ ਵਧ 10 ਸਾਲ ਸੰਘੀ ਜੇਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਰਿਕਾਰਡ ਅਨੁਸਾਰ ਗੁਲਵਾੜੀ ਭਾਰਤੀ ਨਾਗਰਿਕ ਵਜੋਂ ਆਰਜੀ ਬਿਜ਼ਨਸ ਵੀਜੇ ‘ਤੇ 2001 ਵਿਚ ਅਮਰੀਕਾ ਆਇਆ ਸੀ। ਅਗਸਤ 2008 ‘ਚ ਆਪਣੀ ਪਹਿਲੀ ਅਮਰੀਕੀ ਨਾਗਰਿਕ ਪਤਨੀ ਜਿਸ ਨਾਲ ਉਸ ਨੇ ਸਾਲ ਪਹਿਲਾਂ ਵਿਆਹ ਕੀਤਾ ਸੀ, ਨੂੰ ਤਲਾਕ ਦੇਣ ਦੇ 2 ਹਫਤਿਆਂ ਬਾਅਦ ਉਸ ਨੇ ਇਕ ਹੋਰ ਅਮਰੀਕੀ ਨਾਗਰਿਕ ਔਰਤ ਨਾਲ ਵਿਆਹ ਕਰਵਾਇਆ। ਇਸ ਵਿਆਹ ਦੇ ਆਧਾਰ ‘ਤੇ ਗੁਲਵਾੜੀ ਜੂਨ 2009 ‘ਚ ਕਾਨੂੰਨੀ ਤੌਰ’ਤੇ ਅਮਰੀਕਾ ਦਾ ਸਥਾਈ ਵਸਨੀਕ ਬਣ ਗਿਆ। ਇਸ ਉਪਰੰਤ 2 ਮਹੀਨੇ ਬਾਅਦ ਗੁਲਵਾੜੀ ਭਾਰਤ ਗਿਆ ਤੇ ਅਮਰੀਕਾ ਵਾਪਸ ਜਾਣ ਤੋਂ ਪਹਿਲਾਂ ਉਸ ਨੇ ਇਕ ਭਾਰਤੀ ਔਰਤ ਨਾਲ ਵਿਆਹ ਕਰ ਲਿਆ। ਜਨਵਰੀ 2011 ‘ਚ ਉਸ ਦੀ ਭਾਰਤੀ ਪਤਨੀ ਦੇ ਬੱਚਾ ਪੈਦਾ ਹੋਇਆ। ਅਗਸਤ 2013 ‘ਚ ਉਸ ਨੇ ਆਪਣੀ ਅਮਰੀਕਨ ਪਤਨੀ ਨਾਲ ਸਾਰੇ ਸਬੰਧ ਖਤਮ ਕਰ ਲਏ। ਹੋਮਲੈਂਡ ਸਕਿਉਰਿਟੀ ਵੱਲੋਂ ਯੂ.ਐੱਸ. ਸਿਟੀਜਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਸਹਾਇਤਾ ਨਾਲ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਇਕ ਸਾਲ ਬਾਅਦ ਉਸ ਨੇ ਨਾਗਰਿਕਤਾ ਲਈ ਦਿੱਤੀ ਦਰਖਾਸਤ ਵਿਚ ਝੂਠ ਬੋਲਿਆ ਕਿ ਉਹ ਇਸ ਸਮੇਂ ਵਿਆਹਿਆ ਹੋਇਆ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਬੱਚਾ ਹੈ। ਉਸ ਨੇ ਇਹ ਵੀ ਕਿਹਾ ਕਿ ਇਕ ਸਮੇਂ ਉਸ ਨੇ 2 ਔਰਤਾਂ ਨਾਲ ਵਿਆਹ ਨਹੀਂ ਕੀਤਾ। ਇਸ ਦਰਖਾਸਤ ਦੇ ਆਧਾਰ ‘ਤੇ ਉਹ 2014 ‘ਚ ਅਮਰੀਕੀ ਨਾਗਰਿਕ ਬਣ ਗਿਆ। ਬਾਅਦ ਵਿਚ ਅਮਰੀਕੀ ਪਾਸਪੋਰਟ ਲੈਣ ਸਮੇਂ ਉਸ ਨੇ ਆਪਣੀ ਭਾਰਤੀ ਪਤਨੀ ਦਾ ਜ਼ਿਕਰ ਨਹੀਂ ਕੀਤਾ। ਅਦਾਲਤ ਨੇ ਅਜੇ ਉਸ ਨੂੰ ਸਜ਼ਾ ਸੁਣਾਉਣ ਦੀ ਤਰੀਕ ਨਹੀਂ ਮਿੱਥੀ ਪਰੰਤੂ ਜੇਕਰ ਉਸ ਨੂੰ ਸਜ਼ਾ ਹੋ ਜਾਂਦੀ ਹੈ, ਤਾਂ ਉਸ ਦੀ ਅਮਰੀਕੀ ਨਾਗਰਿਕਤਾ ਆਪਣੇ ਆਪ ਹੀ ਰੱਦ ਹੋ ਜਾਵੇਗੀ।