ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਭਾਰਤੀ ਉਤਪਾਦਾਂ ‘ਤੇ ਉੱਚ ਟੈਰਿਫ ਲਗਾਉਣ ਦੀ ਗੱਲ ਕੀਤੀ ਸੀ। ਇਸ ਬਿਆਨ ਦੇ ਸਬੰਧ ਵਿਚ ਅਮਰੀਕੀ ਰਾਜਦੂਤ ਨੇ ਅਗਲੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਾਰਤ ਨਾਲ ਘੱਟ ਟੈਰਿਫ, ਨਿਰਪੱਖ ਅਤੇ ਸਮਾਨ ਰੂਪ ਨਾਲ ਵਪਾਰ ਹੋਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਅਮਰੀਕਾ ‘ਚ ਭਾਰਤ ਦੀ ਵਧਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ”ਭਾਰਤੀ ਨਿਵੇਸ਼ ਨਾਲ ਅਮਰੀਕਾ ਵਿਚ ਨੌਕਰੀਆਂ ਪੈਦਾ ਹੋ ਰਹੀਆਂ ਹਨ।” ਹਾਲ ਹੀ ‘ਚ ਡੋਨਾਲਡ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤ ‘ਤੇ ਉੱਚ ਟੈਰਿਫ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕੀ ਉਤਪਾਦਾਂ ‘ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ ਅਤੇ ਇਸ ਦੇ ਜਵਾਬ ‘ਚ ਉਨ੍ਹਾਂ ਦੀ ਸਰਕਾਰ ਵੀ ਭਾਰਤੀ ਉਤਪਾਦਾਂ ‘ਤੇ ਉੱਚ ਟੈਰਿਫ ਲਗਾਏਗੀ।