#AMERICA

ਭਾਰਤੀ ਨਾਗਰਿਕ ਨੇ ਵ੍ਹਾਈਟ ਹਾਊਸ ‘ਤੇ ਟਰੱਕ ਨਾਲ ਹਮਲਾ ਕਰਨ ਦਾ ਦੋਸ਼ ਕਬੂਲਿਆ

ਵਾਸ਼ਿੰਗਟਨ, 15 ਮਈ (ਪੰਜਾਬ ਮੇਲ)- ਅਮਰੀਕੀ ਅਟਾਰਨੀ ਅਨੁਸਾਰ ਅਮਰੀਕਾ ‘ਚ ਸਥਾਈ ਨਿਵਾਸੀ ਦੇ ਤੌਰ ‘ਤੇ ਰਹਿ ਰਹੇ ਇਕ ਭਾਰਤੀ ਨਾਗਰਿਕ ਨੇ ਕਿਰਾਏ ਦੇ ਟਰੱਕ ਨਾਲ ਵ੍ਹਾਈਟ ਹਾਊਸ ‘ਤੇ ਹਮਲਾ ਕਰਨ ਦਾ ਅਪਰਾਧ ਸਵੀਕਾਰ ਕੀਤਾ ਹੈ। ਇਹ ਭਾਰਤੀ ਨਾਗਰਿਕ ਨਾਜ਼ੀ ਜਰਮਨੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤਾਨਾਸ਼ਾਹੀ ਵਿਚ ਬਦਲਣ ਦੇ ਇਰਾਦੇ ਨਾਲ ਵ੍ਹਾਈਟ ਹਾਊਸ ਵਿਚ ਦਾਖਲ ਹੋਇਆ ਸੀ। ਇਸਤਗਾਸਾ ਅਤੇ ਬਚਾਅ ਪੱਖ ਵਿਚਾਲੇ ਹੋਏ ਪਟੀਸ਼ਨ ਸਮਝੌਤੇ ਦੇ ਇੱਕ ਬਿਆਨ ਮੁਤਾਬਕ ਮਿਯੂਰੀ ਵਿਚ ਸੇਂਟ ਲੁਈਸ ਦੇ ਰਹਿਣ ਵਾਲੇ ਵਰਸ਼ਿਤ ਕੰਦੂਲਾ (20) ਨੇ ਵ੍ਹਾਈਟ ਹਾਊਸ ਕੰਪਲੈਕਸ ਵਿਚ ਕਿਰਾਏ ਦਾ ਇਕ ਟਰੱਕ ਦਾਖਲ ਕਰ ਦਿੱਤਾ ਅਤੇ ਰਾਜਨੀਤਿਕ ਸੱਤਾ ਹਥਿਆਉਣ ਲਈ ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਯੋਜਨਾ ਬਣਾਈ।
ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐੱਲ਼ ਫਰੈਡਰਿਕ ਨੇ ਕੰਦੂਲਾ ਦੀ ਸਜ਼ਾ ਲਈ 23 ਅਗਸਤ ਤੈਅ ਕੀਤੀ ਹੈ। ਅਮਰੀਕੀ ਅਟਾਰਨੀ ਮੈਥਿਊ ਗ੍ਰੇਵਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਦੂਲਾ ਦਾ ਇਰਾਦਾ ਇੱਕ ਜਮਹੂਰੀ ਤੌਰ ‘ਤੇ ਚੁਣੀ ਗਈ ਸਰਕਾਰ ਨੂੰ ਨਾਜ਼ੀ ਜਰਮਨੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਰਕਾਰ ਵਿਚ ਬਦਲਣਾ ਅਤੇ ਆਪਣੇ ਆਪ ਨੂੰ ਅਮਰੀਕਾ ਦਾ ਸਰਵਉੱਚ ਨੇਤਾ ਬਣਾਉਣਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਕੰਦੂਲਾ ਨੇ ਜਾਂਚਕਰਤਾਵਾਂ ਨੂੰ ਮੰਨਿਆ ਕਿ ਉਹ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲੋੜ ਪੈਣ ‘ਤੇ ਅਮਰੀਕੀ ਰਾਸ਼ਟਰਪਤੀ ਅਤੇ ਹੋਰਾਂ ਦੀ ਹੱਤਿਆ ਦਾ ਪ੍ਰਬੰਧ ਕਰਨ ਲਈ ਤਿਆਰ ਸੀ।
ਵਿਭਾਗ ਨੇ ਕਿਹਾ ਕਿ ਉਸ ਦੀਆਂ ਕਾਰਵਾਈਆਂ ਦਾ ਉਦੇਸ਼ ਡਰਾਵੇ ਜਾਂ ਦਬਾਅ ਰਾਹੀਂ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੰਦੂਲਾ 22 ਮਈ, 2023 ਦੀ ਦੁਪਹਿਰ ਨੂੰ ਵਾਸ਼ਿੰਗਟਨ ਡੀ.ਸੀ. ਲਈ ਵਪਾਰਕ ਉਡਾਣ ਰਾਹੀਂ ਸੇਂਟ ਲੁਈਸ, ਮਿਯੂਰੀ ਤੋਂ ਰਵਾਨਾ ਹੋਇਆ। ਕੰਦੂਲਾ ਸ਼ਾਮ 5:20 ਵਜੇ ਦੇ ਕਰੀਬ ਡੈਲਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਅਤੇ ਸ਼ਾਮ 6:30 ਵਜੇ ਇਕ ਟਰੱਕ ਕਿਰਾਏ ‘ਤੇ ਲਿਆ। ਉਹ ਭੋਜਨ ਅਤੇ ਗੈਸ ਲਈ ਰੁੱਕਿਆ ਅਤੇ ਫਿਰ ਵਾਸ਼ਿੰਗਟਨ ਡੀ.ਸੀ. ਲਈ ਚਲਾ ਗਿਆ, ਜਿੱਥੇ ਰਾਤ 9:35 ਵਜੇ ਉਸਨੇ ਵ੍ਹਾਈਟ ਹਾਊਸ ਦੇ ਬਾਹਰ ਬੈਰੀਅਰਾਂ ਨਾਲ ਟਰੱਕ ਨੂੰ ਟੱਕਰ ਮਾਰ ਦਿੱਤੀ।