#INDIA

ਭਾਰਤੀ ਡੌਗ ਸਕੁਐਡ ਓਲੰਪਿਕ ਖੇਡਾਂ ਦੌਰਾਨ ਕਰੇਗਾ ਸੁਰੱਖਿਆ ‘ਚ ਮਦਦ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਮੇਲ)- ਸੀ.ਏ.ਪੀ.ਐੱਫ. ਤੇ ਸਪੈਸ਼ਲ ਕਮਾਂਡੋ ਫੋਰਸ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ 10 ਕੁੱਤਿਆਂ ਦਾ ਦਸਤਾ ਅਗਲੇ ਹਫ਼ਤੇ ਪੈਰਿਸ ਓਲੰਪਿਕ ਖੇਡਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਅੱਤਵਾਦ ਵਿਰੋਧੀ ਅਤੇ ਵਿਘਨ ਪਾਊ ਸਰਗਰਮੀਆਂ ਖ਼ਿਲਾਫ਼ ਸੁਰੱਖਿਆ ਮੁਹੱਈਆ ਕਰਵਾਉਣ ਲਈ ਫਰਾਂਸ ਵਿਚ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਕੇ9 (ਡੌਗ) ਦਸਤਾ ਪੈਰਿਸ ਓਲੰਪਿਕ ਦੌਰਾਨ ਮੁਕਾਬਲੇ ਵਾਲੀਆਂ ਵੱਖ ਵੱਖ ਥਾਵਾਂ ‘ਤੇ ਗਸ਼ਤ ਕਰੇਗਾ।
ਕੌਮਾਂਤਰੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਫਰਾਂਸ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ‘ਚ ਸੁਰੱਖਿਆ ਲਈ ਹਰ ਦਿਨ 30,000 ਪੁਲੀਸ ਅਧਿਕਾਰੀ ਤਾਇਨਾਤ ਕਰ ਰਿਹਾ ਹੈ, ਜਦਕਿ ਸੀਨ ਨਦੀ ‘ਤੇ ਉਦਘਾਟਨੀ ਸਮਾਗਮ ਲਈ 45 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਰਿਪੋਰਟਾਂ ਮੁਤਾਬਕ ਲਗਭਗ 18,000 ਮਿਲਟਰੀ ਅਧਿਕਾਰੀ ਵੀ ਸੁਰੱਖਿਆ ਯਕੀਨੀ ਬਣਾਉਣ ‘ਚ ਮਦਦ ਕਰ ਰਹੇ ਹਨ। ਅਧਿਕਾਰੀ ਮੁਤਾਬਕ ਭਾਰਤ ਤੇ ਫਰਾਂਸ ਸਰਕਾਰ ਵਿਚਾਲੇ ਆਪਣੀ ਤਰ੍ਹਾਂ ਦੇ ਇਸ ਪਹਿਲੀ ਸਹਿਯੋਗ ਲਈ ਇਨ੍ਹਾਂ ਕੁੱਤਿਆਂ ਨੂੰ 10 ਹਫ਼ਤਿਆਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਸ ਦਸਤੇ ‘ਚ ਸ਼ਾਮਲ ਕੁੱਤਿਆਂ ਤੇ ਉਨ੍ਹਾਂ ਦੇ ਟਰੇਨਰਾਂ ਨੂੰ ਸੀ.ਆਰ.ਪੀ.ਐੱਫ., ਸਸ਼ਾਤਰ ਸੀਮਾ ਬਲ (ਐੱਸ.ਐੱਸ.ਬੀ.), ਆਈ.ਟੀ.ਬੀ.ਪੀ. ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐੈੱਫ.) ਤੋਂ ਇਲਾਵਾ ਕੌਮੀ ਸੁਰੱਖਿਆ ਗਾਰਡ ਅਸਾਮ ਰਾਈਫਲਜ਼ ਵਿਚੋਂ ਚੁਣਿਆ ਗਿਆ ਹੈ।