ਟੋਰਾਂਟੋ, 30 ਦਸੰਬਰ (ਪੰਜਾਬ ਮੇਲ)- ਕੈਨੇਡਾ ਦਾ ਦਰਹੈਮ ਖੇਤਰ ਅਤੇ ਗਰੇਟਰ ਟੋਰਾਂਟੋ ਖੇਤਰ ਵਿਚਲੇ ਹਿੰਦੂ ਮੰਦਰਾਂ ‘ਚ ਚੋਰੀ ਕਰਨ ਦੇ ਦੋਸ਼ ਹੇਠ ਇੱਕ 41 ਸਾਲਾ ਭਾਰਤੀ-ਕੈਨੇਡਿਆਈ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਹੈਮ ਖੇਤਰੀ ਪੁਲਿਸ ਨੇ ਬੀਤੇ ਦਿਨੀਂ ਦੱਸਿਆ ਕਿ ਇਹ ਨਫਰਤੀ ਅਪਰਾਧ ਦੇ ਮਾਮਲੇ ਪ੍ਰਤੀਤ ਨਹੀਂ ਹੁੰਦੇ। ਪੁਲਿਸ ਨੇ ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਵਸਨੀਕ ਜਗਦੀਸ਼ ਪੰਧੇਰ ਵਜੋਂ ਕੀਤੀ ਹੈ। ਪੁਲਿਸ ਅੱਠ ਅਕਤੂਬਰ ਨੂੰ ਪਿਕਰਿੰਗ ‘ਚ ਕ੍ਰੋਸਨੋ ਬੁਲੇਵਰਡ ਅਤੇ ਬੇਅਲੀ ਸ੍ਰਟੀਟ ਦੇ ਖੇਤਰ ਵਿਚਲੇ ਇੱਕ ਹਿੰਦੂ ਮੰਦਰ ‘ਚ ਕਿਸੇ ਦੇ ਦਾਖਲ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਕਾਰਵਾਈ ਕੀਤੀ। ਸੁਰੱਖਿਆ ਨਿਗਰਾਨੀ ਲਈ ਲਾਏ ਗਏ ਕੈਮਰਿਆਂ ਦੀ ਫੁਟੇਜ ‘ਚ ਪੰਧੇਰ ਨੂੰ ਮੰਦਰ ਅੰਦਰ ਦਾਖਲ ਹੋ ਕੇ ਨਕਦੀ ਕੱਢਦਿਆਂ ਦੇਖਿਆ ਗਿਆ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਫਰਾਰ ਹੋ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਉਸੇ ਸਵੇਰ ਬਾਅਦ ਵਿਚ ਕਈ ਹੋਰ ਫੁਟੇਜ ‘ਚ ਹੋਰ ਵੀ ਕਈ ਮੰਦਰਾਂ ਅੰਦਰ ਦਾਖਲ ਹੁੰਦਿਆਂ ਦੇਖਿਆ ਗਿਆ ਸੀ।