ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੀਆਂ ਚੋਣਾਂ ‘ਤੇ ਰੋਕ ਲਾਉਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਕੁਸ਼ਤੀ ਦੀ ਵਿਸ਼ਵ ਪੱਧਰੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਚੋਣ ਸਮੇਂ ਸਿਰ ਨਾ ਕਰਵਾਉਣ ਕਾਰਨ ਡਬਲਿਊਐੱਫਆਈ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਫ਼ੈਸਲੇ ਕਾਰਨ ਦੇਸ਼ ਦੇ ਪਹਿਲਵਾਨ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਹਿੱਸਾ ਨਹੀਂ ਲੈ ਸਕਣਗੇ। ਜਸਟਿਸ ਅਭੈ ਐੱਸ. ਓਕਾ ਤੇ ਜਸਟਿਸ ਪੰਕਜ ਮਿਥਲ ਦੇ ਬੈਂਚ ਨੇ ਪਟੀਸ਼ਨਰ ਆਂਧਰਾ ਪ੍ਰਦੇਸ਼ ਐਮੇਚਿਓਰ ਰੈਸਲਿੰਗ ਐਸੋਸੀਏਸ਼ਨ ਨੂੰ ਆਪਣੀਆਂ ਸ਼ਿਕਾਇਤਾਂ ਨਾਲ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾ,’ਸਾਨੂੰ ਇਸ ਉੱਤੇ ਸੁਣਵਾਈ ਕਿਉਂ ਕਰਨੀ ਚਾਹੀਦੀ ਹੈ? ਅੰਤ੍ਰਿਮ ਰੋਕ ਹਟਾਉਣ ਲਈ ਅਰਜ਼ੀ ਦਾਇਰ ਕਰਨ ਦੀ ਬਜਾਇ ਅਪੀਲਕਰਤਾ ਨੇ ਸੁਪਰੀਮ ਕੋਰਟ ਆਉਣ ਦਾ ਫ਼ੈਸਲਾ ਕੀਤਾ, ਇਸ ਲਈ ਅਸੀਂ ਇਸ ਅਪੀਲ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹਾਂ।’ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਅਪੀਲਕਰਤਾ ਕੇਸ ਚਲਾਉਣ ਲਈ ਅਪੀਲ ਦਾਖਲ ਕਰਦਾ ਹੈ ਤਾਂ ਹਾਈ ਕੋਰਟ ਲੋੜੀਂਦੀ ਤਵੱਜੋ ਦੇਵੇ। ਕੁਸ਼ਤੀ ਸੰਘ ਦੇ ਵਕੀਲ ਨੇ ਕਿਹਾ,’ਚੋਣ ਪ੍ਰਕਿਆ ਰੋਕੀ ਨਹੀਂ ਜਾਣੀ ਚਾਹੀਦੀ।’