ਨਿਊੁਯਾਰਕ, 10 ਅਪ੍ਰੈਲ (ਪੰਜਾਬ ਮੇਲ)- ਇਕ ਭਾਰਤੀ ਉਦਯੋਗਪਤੀ ਔਰਤ ਸ਼ਰੂਤੀ ਚਤੁਰਵੇਦੀ ਨੇ ਆਪਣੇ ਅਲਾਸਕਾ ਦੇ ਇਕ ਹਵਾਈ ਅੱਡੇ ‘ਤੇ ਅੱਠ ਘੰਟੇ ਤੱਕ ਹਿਰਾਸਤ ‘ਚ ਰੱਖੇ ਜਾਣ ਦੇ ਆਪਣੇ ਅਤਿ-ਦੁਖਦਾਈ ਅਨੁਭਵ ਨੂੰ ਭਰੇ ਮਨ ਸਾਂਝਾ ਕਰਦਿਆਂ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਦੋਂ ਹਵਾਈ ਅੱਡੇ ਦੀ ਸੁਰੱਖਿਆ ਨੇ ਉਸਦੇ ਸਾਮਾਨ ਵਿਚ ਇਕ ਪਾਵਰ ਬੈਂਕ ਨੂੰ ਸ਼ੱਕੀ ਦੱਸਿਆ ਸੀ। ‘ਐਕਸ’ ‘ਤੇ ਇਕ ਪੋਸਟ ਵਿਚ ਇੰਡੀਆ ਐਕਸ਼ਨ ਪ੍ਰਾਜੈਕਟ ਤੇ ਚੈਪਾਨੀ ਦੇ ਸੰਸਥਾਪਕ ਚਤੁਰਵੇਦੀ ਨੇ ਇਸ ਮੁਸ਼ਕਿਲ ਨੂੰ ‘ਸਭ ਤੋਂ ਭੈੜੀ’ ਘਟਨਾ ਦੱਸਿਆ, ਜੋ ਉਸਨੇ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਵੇਖੀ ਹੋਵੇਗੀ।
ਚਤੁਰਵੇਦੀ ਦੇ ਅਨੁਸਾਰ ਇਹ ਘਟਨਾ ਐਂਕਰੇਜ ਹਵਾਈ ਅੱਡੇ ‘ਤੇ ਵਾਪਰੀ, ਜਿੱਥੇ ਉਸ ਨੂੰ ਕਈ ਤਰ੍ਹਾਂ ਦੀਆਂ ਅਸੁਵਿਧਾਜਨਕ ਤੇ ਹਮਲਾਵਰ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਦਾਅਵਾ ਕੀਤਾ ਕਿ ਉਸਦੇ ਗਰਮ ਕੱਪੜੇ ਉਤਾਰ ਦਿੱਤੇ ਗਏ, ਠੰਡੇ ਕਮਰੇ ਵਿਚ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਪੁਲਿਸ ਤੇ ਐੱਫ.ਬੀ.ਆਈ. ਏਜੰਟਾਂ ਦੋਵਾਂ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਉਸ ਨੂੰ ਟਾਇਲਟ ਵਰਤਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਤੇ ਉਸਦਾ ਮੋਬਾਈਲ ਫੋਨ ਤੇ ਪਰਸ ਵੀ ਲੈ ਲਿਆ, ਜਿਸ ਨਾਲ ਉਸ ਨੂੰ ਕੋਈ ਵੀ ਫੋਨ ਕਾਲ ਕਰਨ ਤੋਂ ਰੋਕਿਆ ਗਿਆ।
ਸ਼ਰੂਤੀ ਨੇ ਦੱਸਿਆ ਕਿ ਕਲਪਨਾ ਕਰੋ ਕਿ ਪੁਲਿਸ ਅਤੇ ਐੱਫ.ਬੀ.ਆਈ. ਵੱਲੋਂ 8 ਘੰਟੇ ਲਈ ਹਿਰਾਸਤ ਵਿਚ ਲਿਆ ਜਾਵੇ, ਸਭ ਤੋਂ ਹਾਸੋਹੀਣੀਆਂ ਗੱਲਾਂ ਤੋਂ ਪੁੱਛਗਿੱਛ ਕੀਤੀ ਜਾਵੇ, ਕੈਮਰੇ ‘ਤੇ ਇਕ ਪੁਰਸ਼ ਅਧਿਕਾਰੀ ਦੁਆਰਾ ਸਰੀਰਕ ਤੌਰ ‘ਤੇ ਜਾਂਚ ਕੀਤੀ ਜਾਵੇ, ਗਰਮ ਕੱਪੜੇ, ਮੋਬਾਈਲ ਫੋਨ, ਬਟੂਆ ਉਤਾਰਿਆ ਜਾਵੇ, ਠੰਡੇ ਕਮਰੇ ਵਿਚ ਰੱਖਿਆ ਜਾਵੇ, ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਜਾਂ ਇਕ ਵੀ ਫੋਨ ਕਾਲ ਨਾ ਕੀਤੀ ਜਾਵੇ, ਤਾਂ ਤੁਹਾਡੇ ‘ਤੇ ਕੀ ਬੀਤਦੀ ਹੋਵੇਗੀ। ਉਸਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਟੈਗ ਕਰਦੇ ਹੋਏ ਇਸ ਔਖੀ ਘੜੀ ‘ਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ ਤੇ ਕਿਹਾ ਕਿ ਹੁਣ ਕਲਪਨਾ ਕਰਕੇ ਵੀ ਉਸ ਨੂੰ ਡਰ ਲੱਗਦਾ ਹੈ।
ਭਾਰਤੀ ਉਦਯੋਗਪਤੀ ਸ਼ਰੂਤੀ ਤੋਂ ਅਮਰੀਕਾ ਹਵਾਈ ਅੱਡੇ ‘ਤੇ ਸਖ਼ਤ ਪੁੱਛਗਿੱਛ
