#AMERICA

ਭਾਰਤੀ-ਅਮਰੀਕੀ ਸੰਸਦ ਮੈਂਬਰ ਦੇ ਦਫ਼ਤਰ ‘ਚ ਭੰਨਤੋੜ

ਵਾਸ਼ਿੰਗਟਨ, 8 ਮਈ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਮੂਲ ਦੇ ਸਾਂਸਦ ਸ਼੍ਰੀ ਥਾਣੇਦਾਰ ਦੇ ਡੈਟਰਾਇਟ ਦਫਤਰ ‘ਚ ਭੰਨਤੋੜ ਕੀਤੀ ਗਈ ਹੈ। ਸ਼੍ਰੀ ਥਾਣੇਦਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿਚ ਦਿੱਤੀ। ਉਸ ਨੇ ਦਫਤਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਦਫਤਰ ਦੀਆਂ ਕੰਧਾਂ ‘ਤੇ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਲਿਖੇ ਹੋਏ ਹਨ।
ਸ਼੍ਰੀ ਥਾਣੇਦਾਰ ਦਫ਼ਤਰ ਦੇ ਬੁਲਾਰੇ ਨੇ ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣੇਦਾਰ ਨੇ ਆਪਣੀ ਪੋਸਟ ‘ਚ ਲਿਖਿਆ ਕਿ ‘ਕਾਂਗਰਸ ਦਾ ਮੈਂਬਰ ਹੋਣ ਦੇ ਨਾਤੇ, ਮੈਂ ਹਮੇਸ਼ਾ ਗੱਲ ਕਰਨਾ ਅਤੇ ਚਰਚਾ ਕਰਨਾ ਚਾਹੁੰਦਾ ਹਾਂ, ਬਦਕਿਸਮਤੀ ਨਾਲ ਕਮਿਊਨਿਟੀ ਸੈਂਟਰ (ਦਫਤਰ) ‘ਚ ਭੰਨਤੋੜ ਕੋਈ ਵੱਖਰੀ ਘਟਨਾ ਨਹੀਂ ਹੈ ਅਤੇ ਨਾ ਹੀ ਇਹ ਗੱਲ ਕਰਨ ਦਾ ਸਹੀ ਤਰੀਕਾ ਹੈ। ਇਹ ਸਭ ਸਿਰਫ ਡਰ ਫੈਲਾਉਣ ਅਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੈ। ਥਾਣੇਦਾਰ ਨੇ ਲਿਖਿਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰ ਚੁੱਕੇ ਹਨ। ਇਹ ਵਿਰੋਧ ਪਿਛਲੇ ਸਾਲ ਦਸੰਬਰ ਵਿਚ ਹਿੰਸਕ ਰੂਪ ਧਾਰਨ ਕਰ ਗਿਆ ਸੀ। ਇਨ੍ਹਾਂ ਘਟਨਾਵਾਂ ਕਾਰਨ ਲੋਕ ਜ਼ਖਮੀ ਹੋ ਗਏ ਅਤੇ ਮੇਰੇ ਪਰਿਵਾਰਕ ਮੈਂਬਰ ਇਸ ਕਾਰਨ ਡਰੇ ਹੋਏ ਹਨ।
ਵਰਨਣਯੋਗ ਹੈ ਕਿ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਕੁਝ ਸਮਾਂ ਪਹਿਲਾਂ ਇਜ਼ਰਾਈਲ-ਹਮਾਸ ਜੰਗ ਵਿਚ ਇਜ਼ਰਾਈਲ ਦਾ ਸਮਰਥਨ ਕੀਤਾ ਸੀ। ਥਾਣੇਦਾਰ ਨੇ ਕਿਹਾ ਕਿ ਇਜ਼ਰਾਈਲ ਨੂੰ ਅਮਰੀਕਾ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਹਮਾਸ ਨੂੰ ਵਹਿਸ਼ੀ ਅੱਤਵਾਦੀ ਸੰਗਠਨ ਦੱਸਿਆ ਅਤੇ ਇਸ ਨੂੰ ਖਤਮ ਕਰਨ ਦੀ ਜ਼ਰੂਰਤ ਵੀ ਜ਼ਾਹਰ ਕੀਤੀ। ਇਸ ਕਾਰਨ ਸ਼੍ਰੀ ਥਾਣੇਦਾਰ ਫਲਸਤੀਨ ਸਮਰਥਕਾਂ ਦੇ ਨਿਸ਼ਾਨੇ ‘ਤੇ ਬਣ ਗਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਹਮਲਾ ਵੀ ਫਲਸਤੀਨ ਸਮਰਥਕਾਂ ਵੱਲੋਂ ਹੀ ਕੀਤਾ ਗਿਆ ਹੈ। ਪਿਛਲੇ ਸਾਲ ਦਸੰਬਰ ਵਿਚ ਥਾਣੇ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਹੈਕ ਕਰ ਲਿਆ ਗਿਆ ਸੀ। ਨਾਲ ਹੀ ਫਲਸਤੀਨ ਸਮਰਥਕਾਂ ਨੇ ਰਾਤ 3 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।