#INDIA

ਭਾਰਤੀ ਅਮਰੀਕੀ ਸੰਗੀਤਕਾਰ ਤੇ ਉੱਦਮੀ ਚੰਦਰਿਕਾ ਟੰਡਨ ਨੇ ਜਿੱਤਿਆ ਗਰੈਮੀ ਐਵਾਰਡ

-ਸਾਬਕਾ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਮਰਨ ਉਪਰੰਤ ਗਰੈਮੀ ਪੁਰਸਕਾਰ
ਨਵੀਂ ਦਿੱਲੀ, 3 ਫਰਵਰੀ (ਪੰਜਾਬ ਮੇਲ)- ਭਾਰਤੀ ਅਮਰੀਕੀ ਗਾਇਕਾ ਤੇ ਉੱਦਮੀ ਚੰਦਰਿਕਾ ਟੰਡਨ ਨੇ ਐਲਬਮ ‘ਤ੍ਰਿਵੇਣੀ’ ਲਈ ਬੈਸਟ ਨਿਊ ਏਜ, Ambient or Chant Album ਕੈਟਾਗਿਰੀ ‘ਚ ਗਰੈਮੀ ਪੁਰਸਕਾਰ ਜਿੱਤਿਆ ਹੈ। ਪੈਪਸਿਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਈ ਦੀ ਵੱਡੀ ਭੈਣ ਟੰਡਨ ਨੇ ਆਪਣੇ ਸਹਿਯੋਗੀਆਂ ਦੱਖਣੀ ਅਫ਼ਰੀਕਾ ਦੇ ਬੰਸਰੀ ਵਾਦਕ ਵਾਊਟਰ ਕੇਲਰਮੈਨ ਤੇ ਜਾਪਾਨੀ ਸੈਲੋ ਵਾਦਕ ਇਰੂ ਮਾਤਸੁਮੋਤੋ ਨਾਲ ਇਹ ਪੁਰਸਕਾਰ ਜਿੱਤਿਆ।
‘ਰਿਕਾਰਡਿੰਗ ਅਕੈਡਮੀ’ ਵੱਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਅਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ ‘ਕ੍ਰਿਪਟੋਡਾਟਕੌਮ ਏਰੀਨਾ’ ਵਿਚ ਕਰਵਾਇਆ ਗਿਆ ਸੀ।
ਬਿਓਂਸੇ, ਸਬਰੀਨਾ ਕਾਰਪੇਂਟਰ, ਚਾਰਲੀ ਐਕਸਸੀਐਕਸ ਤੇ ਕੈਂਡਰਿਕ ਲੈਮਰ ਸਣੇ ਕਈ ਹੋਰ ਕਲਾਕਾਰਾਂ ਨੇ ਵੱਖ ਵੱਖ ਵਰਗਾਂ ਵਿਚ ਪੁਰਸਕਾਰ ਆਪਣੇ ਨਾਮ ਕੀਤਾ। ਬਿਓਂਸੇ ਨੇ ‘ਕਾਓਬੁਆਏ ਕਾਰਟਰ’ ਲਈ ਸਰਬੋਤਮ ਕੰਟਰੀ ਐਲਬਮ ਦਾ ਪੁਰਸਕਾਰ ਜਿੱਤਿਆ। ਐਤਕੀਂ ਗਰੈਮੀ ਵਿਚ ਉਸ ਨੂੰ 11 ਨਾਮਜ਼ਦਗੀਆਂ ਮਿਲੀਆਂ ਸੀ। ਉਸ ਨੂੰ ਆਪਣੇ ਕਰੀਅਰ ਦੌਰਾਨ ਗਰੈਮੀ ਲਈ ਵੱਖ-ਵੱਖ ਵਰਗਾਂ ਵਿਚ ਕੁੱਲ 99 ਵਾਰ ਨਾਮਜ਼ਦ ਕੀਤਾ ਗਿਆ ਹੈ। ਉਹ ਗਰੈਮੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਨਾਮਜ਼ਦਗੀਆਂ ਹਾਸਲ ਕਰਨ ਵਾਲੀ ਕਲਾਕਾਰ ਬਣ ਗਈ ਹੈ।
ਕਾਰਪੇਂਟਰ ਨੂੰ ”ਐਸਪ੍ਰੈਸੋ’ ਲਈ ਸਰਬੋਤਮ ‘ਪੌਪ ਸੋਲੋ’ ਪੇਸ਼ਕਾਰੀ ਵਰਗ ਵਿਚ ਅਤੇ ਕੈਂਡਰਿਕ ਲੈਮਰ ਨੂੰ ‘ਨੌਟ ਲਾਈਕ ਅਸ’ ਲਈ ਪੁਰਸਕਾਰ ਮਿਲੇ ਹਨ। ਬੀਟਲਸ ਨੂੰ ”ਨਾਓ ਐਂਡ ਦੈੱਨ’ ਲਈ ਸਰਬੋਤਮ ਰੌਕ ਪੇਸ਼ਕਾਰੀ ਵਰਗ ਵਿਚ ਪੁਰਸਕਾਰ ਮਿਲਿਆ। ਅਮਰੀਕੀ ਰੈਪਰ ਡੋਏਚੀ ਨੇ ਆਪਣਾ ਪਹਿਲਾ ਗਰੈਮੀ ਜਿੱਤਿਆ ਤੇ ਉਹ ਸਰਵੋਤਮ ਰੈਪ ਐਲਬਮ ਪੁਰਸਕਾਰ ਜਿੱਤਣ ਵਾਲੀ ਤੀਜੀ ਮਹਿਲਾ ਬਣ ਗਈ। ਚੈਪਲ ਰੋਆਨ ਨੇ ਨਵੇਂ ਕਲਾਕਾਰ ਦਾ ਪੁਰਸਕਾਰ ਜਿੱਤਿਆ।
ਚੇਨੱਈ ਵਿਚ ਵੱਡੀ ਹੋਈ ਟੰਡਨ ਨੇ ਗਰੈਮੀ ਪੁਰਸਕਾਰ ਜਿੱਤਣ ਮਗਰੋਂ ‘ਰਿਕਾਰਡਿੰਗ ਅਕੈਡਮੀ’ ਨਾਲ ਇੰਟਰਵਿਊ ਦੌਰਾਨ ਕਿਹਾ, ”ਇਹ ਸ਼ਾਨਦਾਰ ਤਜ਼ਰਬਾ ਹੈ।” ਟੰਡਨ ਨੇ ਪੁਰਸਕਾਰ ਲੈਣ ਮੌਕੇ ਆਪਣੀ ਤਕਰੀਰ ਵਿਚ ਕਿਹਾ, ”ਸੰਗੀਤ ਪ੍ਰੇਮ ਹੈ, ਸੰਗੀਤ ਆਸ਼ਾ ਦੀ ਕਿਰਨ ਹੈ ਤੇ ਸੰਗੀਤ ਹਾਸਾ ਹੈ ਤੇ ਆਓ ਅਸੀਂ ਸਾਰੇ ਪ੍ਰੇਮ, ਪ੍ਰਕਾਸ਼ ਤੇ ਹਾਸੇ ਵਿਚ ਘਿਰੇ ਰਹੀਏ। ਸੰਗੀਤ ਲਈ ਧੰਨਵਾਦ ਤੇ ਸੰਗੀਤ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ।” ਇਹ ਟੰਡਨ ਦਾ ਪਹਿਲਾ ਗਰੈਮੀ ਪੁਰਸਕਾਰ ਹੈ। ਇਸ ਤੋਂ ਪਹਿਲਾਂ ਟੰਡਨ ਨੂੰ 2009 ਵਿਚ ‘ਸੋਲ ਕਾਲ’ ਨੂੰ ਲੈ ਕੇ ਗਰੈਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਸਾਬਕਾ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਮਰਨ ਉਪਰੰਤ ਗਰੈਮੀ ਪੁਰਸਕਾਰ ਦਿੱਤਾ ਗਿਆ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਰ ਦਾ 29 ਦਸੰਬਰ 2024 ਨੂੰ 100 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਕਾਰਟਰ ਨੂੰ ਦੇਹਾਂਤ ਤੋਂ ਪਹਿਲਾਂ 2025 ਦੇ ਗਰੈਮੀ ਪੁਰਸਕਾਰ ਵਿਚ ‘ਆਡੀਓ ਬੁੱਕ, ਨੈਰੇਸ਼ਨ ਤੇ ਸਟੋਰੀਟੈਲਿੰਗ ਰਿਕਾਰਡਿੰਗ’ ਵਰਗ ਵਿਚ ‘ਲਾਸਟ ਸੰਡੇ ਇਨ ਪਲੇਨਸ: ਏ ਸੇਂਟੇਨੀਅਲ ਸੈਲੀਬ੍ਰੇਸ਼ਨ’ ਲਈ ਨਾਮਜ਼ਦ ਕੀਤਾ ਗਿਆ ਸੀ।