#AMERICA

ਭਾਰਤੀ-ਅਮਰੀਕੀ ਲੋਕਾਂ ਵੱਲੋਂ ਹਿੰਦੂ-ਸਿੱਖ ਏਕਤਾ ਪ੍ਰੋਗਰਾਮ ਦਾ ਆਯੋਜਨ

ਸਿਲੀਕਾਨ ਵੈਲੀ, 26 ਨਵੰਬਰ (ਪੰਜਾਬ ਮੇਲ)- ਕੈਨੇਡਾ ਵਿਚ ਇਕ ਹਿੰਦੂ ਮੰਦਰ ‘ਤੇ ਕਥਿਤ ਵੱਖਵਾਦੀਆਂ ਦੁਆਰਾ ਹਮਲਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਸਿਲੀਕਾਨ ਵੈਲੀ ਵਿਚ ਭਾਰਤੀ-ਅਮਰੀਕੀਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ‘ਹਿੰਦੂ ਸਿੱਖ ਏਕਤਾ ਇੰਟਰਫੇਥ’ ਸਮਾਗਮ ਦਾ ਆਯੋਜਨ ਕੀਤਾ। ਸਿਲੀਕਾਨ ਵੈਲੀ ਦੇ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਨਗਰ ਵੱਲੋਂ ਕਰਵਾਏ ਸਮਾਗਮ ਵਿਚ ਹਿੰਦੂ, ਸਿੱਖ ਅਤੇ ਹੋਰ ਭਾਈਚਾਰਿਆਂ ਦੇ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਐਲਕ ਗਰੋਵ ਦੇ ਮੇਅਰ ਬੌਬੀ ਸਿੰਘ-ਐਲਨ, ਐਲਕ ਗਰੋਵ ਸਿਟੀ ਕਮਿਸ਼ਨਰ ਭਾਵਿਨ ਪਾਰਿਖ, ਰੌਕਲਿਨ ਸਿਟੀ ਕੌਂਸਲ ਮੈਂਬਰ ਜਿਲ ਗੈਲਡੋ, ਐਲਕ ਗਰੋਵ ਦੇ ਵਾਈਸ ਮੇਅਰ ਰਾਡ ਬਰਿਊਅਰ ਅਤੇ ਸੈਕਰਾਮੈਂਟੋ ਇੰਟਰਫੇਥ ਕੌਂਸਲ ਮੈਂਬਰ ਅਕਰਮ ਕੇਵਲ ਹਾਜ਼ਰ ਸਨ।
ਮੇਅਰ ਬੌਬੀ ਸਿੰਘ ਐਲਨ ਨੇ ਪ੍ਰੋਗਰਾਮ ਦੌਰਾਨ ਕਿਹਾ, ‘ਧਾਰਮਿਕ ਅਸਹਿਣਸ਼ੀਲਤਾ ਸਾਡੇ ਸਮਾਜ ਨੂੰ ਪਲੀਤ ਕਰ ਰਹੀ ਹੈ। ਕੁਝ ਲੋਕ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਇੱਥੇ ਏਕਤਾ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਤਾਂ ਸ਼ੁਰੂਆਤ ਹੈ, ਸਾਨੂੰ ਬਿਹਤਰ ਰਾਹ ਦਿਖਾਉਣਾ ਹੋਵੇਗਾ। ਇੱਕ ‘ਤੇ ਹਮਲਾ ਸਾਡੇ ਸਾਰਿਆਂ ‘ਤੇ ਹਮਲਾ ਹੈ।’ ਸੰਤ ਨਗਰ ਗੁਰਦੁਆਰੇ ਦੇ ਪ੍ਰਧਾਨ ਨਰਿੰਦਰਪਾਲ ਹੁੰਦਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ‘ਸਾਨੂੰ ਸਾਰਿਆਂ ਨੂੰ ਏਕਤਾ ਦੇ ਸੰਦੇਸ਼ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਲਈ ਆਪਣਾ ਬਲਿਦਾਨ ਦੇ ਕੇ ਦਿੱਤਾ ਸੀ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਇਸ ਮਿਸ਼ਨ ਨੂੰ ਅੱਗੇ ਲਿਜਾਣ ਲਈ ਯਤਨ ਕਰਨੇ ਚਾਹੀਦੇ ਹਨ।’ ਸ਼੍ਰੀਨਗਰ ਵਿਚ ਜਨਮੇ ਅਤੇ ਅਮਰੀਕਾ ਵਿਚ ਰਹਿ ਰਹੇ ਕਸ਼ਮੀਰੀ ਪੰਡਿਤ ਰੀਵਾ ਕੌਲ ਦੱਸਦੇ ਹਨ ਕਿ ਕਿਵੇਂ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਕਸ਼ਮੀਰੀ ਪੰਡਤਾਂ ਅਤੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ, ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਦੇ ਅਧੀਨ ਬੇਰਹਿਮੀ ਨਾਲ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਹਾਜ਼ਰ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ।