ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੀ ਰਹੇ ਹਨ ਅਤੇ ਦੁਨੀਆਂ ਭਰ ਵਿਚ ਆਪਣੀ ਕਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹਨ ਅਤੇ ਅਜਿਹਾ ਹੀ ਹਾਲ ਹੀ ਵਿਚ ਇਸ ਤਰ੍ਹਾਂ ਹੋਇਆ ਹੈ। ਅਸਲ ਵਿਚ ਭਾਰਤੀ ਮੂਲ ਦੀ ਪ੍ਰਣਿਸਕਾ ਮਿਸ਼ਰਾ ਆਪਣੀ ਆਵਾਜ਼ ਦੇ ਨਾਲ ਅਮਰੀਕੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਭਾਰਤੀ-ਅਮਰੀਕੀ ਪ੍ਰਣਿਸਕਾ ਮਿਸ਼ਰਾ ਸਿਰਫ 9 ਸਾਲ ਦੀ ਹੈ ਅਤੇ ਉਹ ਮਸ਼ਹੂਰ ਟੀ.ਵੀ. ਪ੍ਰਤਿਭਾ ਸ਼ੋਅ ‘ਅਮਰੀਕਾਜ਼ ਗੌਟ ਟੇਲੇਂਟ’ ਵਿਚ ਭਾਗ ਲੈਣ ਵਾਲਿਆਂ ਵਿਚੋਂ ਇੱਕ ਰਹੀ ਹੈ। ਲੋਕਾਂ ਨੇ ਉਸ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਹੈ ਅਤੇ ਉਸ ਦੇ ਹੁਨਰ ਦੀ ਬਹੁਤ ਹੀ ਸ਼ਲਾਘਾ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਪ੍ਰਣਿਸਕਾ ਮਿਸ਼ਰਾ ਨੇ ਟੀਨਾ ਟਰਨਰ ਦਾ ਗੀਤ ‘ਰਿਵਰ ਡੀਪ, ਮਾਊਂਟੇਨ ਹਾਈ’ ਗਾ ਕੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਸੀ। ਸ਼ੋਅ ਦੇ ਜੱਜ ਪ੍ਰਣਿਸਕਾ ਅਤੇ ਉਸ ਦੇ ਗਾਇਕੀ ਦੇ ਹੁਨਰ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਜੱਜ ਸਾਈਮਨ ਕੋਵੇਲ ਅਤੇ ਹੇਡੀ ਕਲਮ ਉਸ ਦੇ ਪ੍ਰਦਰਸ਼ਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਪ੍ਰਣਿਸਕਾ ਮਿਸ਼ਰਾ ਲਈ ‘ਗੋਲਡਨ ਬਜ਼ਰ’ ਦਬਾ ਦਿੱਤਾ।
ਪ੍ਰਣਿਸਕਾ ਮਿਸ਼ਰਾ ਦਾ ਕਹਿਣਾ ਹੈ ਕਿ ਉਸ ਨੂੰ ਗਾਇਕੀ ਤੋਂ ਹੀ ਖੁਸ਼ੀ ਮਿਲਦੀ ਹੈ ਅਤੇ ਉਸ ਨੂੰ ਗਾਇਕੀ ਦਾ ਹਮੇਸ਼ਾ ਹੀ ਸ਼ੌਕ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 4 ਸਾਲ ਦੀ ਸੀ, ਤਾਂ ਉਹ ਇਸ ਤਰ੍ਹਾਂ ਗਾਉਣ ਦਾ ਦਿਖਾਵਾ ਕਰਦੀ ਸੀ, ਜਿਵੇਂ ਮਾਈਕ੍ਰੋਫ਼ੋਨ ਨਾਲ ਸਾਰੀ ਦੁਨੀਆਂ ਲਈ ਗਾਉਂਦੀ ਹੋਵੇ।