#AMERICA

ਭਾਰਤੀ-ਅਮਰੀਕੀ ਨੌਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ ਸੂਬੇ ਤੋ ਲੜ ਰਿਹਾ ਸਟੇਟ ਸੈਨੇਟ ਦੀ ਚੋਣ

ਨਿਊਯਾਰਕ, 20 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਨੌਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ ਰਾਜ ਤੋਂ ਵਿਧਾਇਕ ਦੀ ਚੋਣ ਲੜ ਰਿਹਾ ਹੈ। ਅਮਰੀਕਾ ਵਿਚ ਜਾਰਜੀਆ ਦੀ ਸੈਨੇਟ ਸੀਟ ਲਈ ਚੋਣ ਲੜਨ ਵਾਲੇ ਪਹਿਲੇ ਭਾਰਤੀ-ਅਮਰੀਕੀ ਅਸ਼ਵਿਨ ਰਾਮਾਸਵਾਮੀ ਹਨ। 34 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਪਰਵਾਸ ਕਰਕੇ ਉਸ ਦੇ ਮਾਤਾ-ਪਿਤਾ ਅਮਰੀਕਾ ਦੇ ਜਾਰਜੀਆ ਸੂਬੇ ‘ਚ ਆ ਵਸੇ ਸਨ। ਅਸ਼ਵਿਨ ਰਾਮਾਸਵਾਮੀ (24) ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਜਾਰਜੀਆ ਵਿਚ ਜ਼ਿਲ੍ਹਾ 48 ਸਟੇਟ ਸੈਨੇਟ ਲਈ ਚੋਣ ਲੜ ਰਿਹਾ ਹੈ। ਅਤੇ ਉਹ ਸੀਟ ਫਿਲਹਾਲ ਰਿਪਬਲਿਕਨ ਸ਼ੌਨ ਸਟਿਲ ਦੇ ਕੋਲ ਹੈ। ਹਾਲਾਂਕਿ ਅਸ਼ਵਿਨ ਰਾਮਾਸਵਾਮੀ ਨੇ ਕਿਹਾ ਕਿ ਉਹ ਆਪਣੇ ਸੂਬੇ ਜਾਰਜੀਆ ਦੀ ਸੇਵਾ ਕਰਨ ਦੇ ਇਰਾਦੇ ਨਾਲ ਸੈਨੇਟ ਲਈ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਵਾਂਗ ਸਿਆਸੀ ਤੌਰ ‘ਤੇ ਅੱਗੇ ਵਧਣਾ ਚਾਹੁੰਦਾ ਹੈ, ਉਸ ਨੂੰ ਬਿਹਤਰ ਮੌਕੇ ਮਿਲਣੇ ਚਾਹੀਦੇ ਹਨ। ਨੌਜਵਾਨ ਅਸ਼ਵਿਨ ਰਾਮਾਸਵਾਮੀ ਨੇ 24 ਸਾਲ ਦੀ ਉਮਰ ਵਿਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਚੋਣ ਸੁਰੱਖਿਆ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਵਿਚ ਵੀ ਕੰਮ ਕੀਤਾ ਹੈ। ਜੇਕਰ ਅਸ਼ਵਿਨ ਰਾਮਾਸਵਾਮੀ ਚੁਣਿਆ ਜਾਂਦਾ ਹੈ, ਤਾਂ ਉਹ ਕੰਪਿਊਟਰ ਵਿਗਿਆਨ ਦੇ ਨਾਲ-ਨਾਲ ਕਾਨੂੰਨ ਦੀ ਡਿਗਰੀ ਦੇ ਨਾਲ ਜਾਰਜੀਆ ਰਾਜ ਦੇ ਇਕਲੌਤੇ ਭਾਰਤੀ ਸੰਸਦ ਮੈਂਬਰ ਵਜੋਂ ਰਿਕਾਰਡ ਕਾਇਮ ਕਰਨਗੇ। ਅਸ਼ਵਿਨ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸੰਨ 1990 ‘ਚ ਤਾਮਿਲਨਾਡੂ ਭਾਰਤ ਤੋਂ ਅਮਰੀਕਾ ਆਏ ਸਨ। ਉਸ ਨੇ ਕਿਹਾ ਕਿ ਉਹ ਭਾਰਤੀ ਅਤੇ ਅਮਰੀਕੀ ਸੱਭਿਆਚਾਰਾਂ ਨਾਲ ਹੀ ਵੱਡਾ ਹੋਇਆ ਹੈ। ਉਹ ਇੱਕ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਭਾਰਤੀ ਸੰਸਕ੍ਰਿਤੀ ਵਿਚ ਬਹੁਤ ਹੀ ਦਿਲਚਸਪੀ ਹੈ। ਉਸਨੇ ਕਾਲਜ ਦੌਰਾਨ ਸੰਸਕ੍ਰਿਤ ਵੀ ਸਿੱਖੀ ਸੀ। ਅਸ਼ਵਿਨ ਨੇ ਦੱਸਿਆ ਕਿ ਉਹ ਰੋਜ਼ਾਨਾ ਯੋਗਾ ਅਤੇ ਧਿਆਨ ਦਾ ਅਭਿਆਸ ਕਰਦਾ ਹੈ।