#AMERICA

ਭਾਰਤੀ-ਅਮਰੀਕੀ ਡਾਕਟਰ ਐਰੀਜ਼ੋਨਾ ਤੋਂ ਹੋਵੇਗਾ ਡੈਮੋਕ੍ਰੇਟ ਉਮੀਦਵਾਰ

ਐਰੀਜ਼ੋਨਾ, 3 ਅਗਸਤ (ਪੰਜਾਬ ਮੇਲ)-ਭਾਰਤੀ-ਅਮਰੀਕੀ ਡਾਕਟਰ ਅਮੀਸ਼ ਸ਼ਾਹ ਨੇ ਐਰੀਜ਼ੋਨਾ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਵਿਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਐਰੀਜ਼ੋਨਾ ਤੋਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 47 ਸਾਲਾ ਅਮੀਸ਼ ਸ਼ਾਹ ਦੇ ਮੁੱਖ ਵਿਰੋਧੀ ਆਂਦਰੇਈ ਚੈਰਨੀ ਨੇ ਵੀਰਵਾਰ ਨੂੰ ਆਪਣੀ ਹਾਰ ਸਵੀਕਾਰ ਕਰ ਲਈ, ਜਿਸ ਤੋਂ ਬਾਅਦ ਐਰੀਜ਼ੋਨਾ ਤੋਂ ਭਾਰਤੀ ਮੂਲ ਦੇ ਡਾਕਟਰ ਦੀ ਉਮੀਦਵਾਰੀ ਦੀ ਪੁਸ਼ਟੀ ਹੋ ਗਈ।
ਅਮੀਸ਼ ਸ਼ਾਹ ਇਸ ਤੋਂ ਪਹਿਲਾਂ ਸੂਬੇ ਦੇ ਹੇਠਲੇ ਸਦਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪ੍ਰਾਇਮਰੀ ਚੋਣ ਵਿਚ ਸ਼ਾਹ ਨੂੰ 1629 ਵੋਟਾਂ ਮਿਲੀਆਂ, ਜੋ ਕੁੱਲ ਵੋਟਾਂ ਦਾ 23.4 ਫ਼ੀਸਦੀ ਬਣਦਾ ਹੈ। ਸ਼ਾਹ ਦੇ ਮੁੱਖ ਵਿਰੋਧੀ ਚੈਰਨੀ ਨੂੰ 21.4 ਫ਼ੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ। ਸ਼ਾਹ ਅਤੇ ਚੇਰਨੀ ਤੋਂ ਇਲਾਵਾ ਐਰੀਜ਼ੋਨਾ ਤੋਂ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿੱਚ ਸਾਬਕਾ ਨਿਊਜ਼ ਐਂਕਰ ਮਾਰਲੇਨ ਗੈਲੇਨ ਵੁਡਸ, ਆਰਥੋਡੌਨਿਸਟ ਐਂਡਰਿਊ ਹੌਰਨ, ਅਮਰੀਕੀ ਰੈੱਡ ਕਰਾਸ ਦੇ ਸਾਬਕਾ ਖੇਤਰੀ ਸੀਈਓ ਕਰਟ ਕ੍ਰੋਮਰ ਅਤੇ ਨਿਵੇਸ਼ ਬੈਂਕਰ ਕੋਨੋਰ ਓ’ਕਲਾਘਨ ਵੀ  ਮੈਦਾਨ ਵਿੱਚ ਸਨ।
ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਪ੍ਰਤੀਨਿਧੀ ਸਭਾ, ਹੇਠਲੇ ਸਦਨ ਦੀਆਂ ਚੋਣਾਂ ‘ਚ ਸ਼ਾਹ ਦਾ ਸਾਹਮਣਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੇਵਿਡ ਸਵੀਕਰਟ ਨਾਲ ਹੋਵੇਗਾ। ਵਰਣਨਯੋਗ ਹੈ ਕਿ ਸਵੀਕਰਟ ਸੱਤਵੀਂ ਵਾਰ ਚੋਣ ਲੜਨ ਜਾ ਰਹੇ ਹਨ ਅਤੇ ਮੰਗਲਵਾਰ ਨੂੰ ਹੋਈ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਵਿਚ ਉਸ ਨੇ ਆਸਾਨੀ ਨਾਲ ਜਿੱਤ ਹਾਸਲ ਕੀਤੀ। 2022 ਦੀਆਂ ਚੋਣਾਂ ਵਿੱਚ ਸਵੀਕਰਟ ਨੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੇਵਿਨ ਹੋਜ ਨੂੰ ਹਰਾਇਆ ਸੀ।