#Featured

ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ‘ਚ ਸਜ਼ਾ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ‘ਚ 18 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ 200 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਅਰਮਾਨ ਅਮੀਰਸ਼ਾਹੀ (46) ਲੰਬੇ ਸਮੇਂ ਤੋਂ ਰਿਸ਼ਵਤਖੋਰੀ ਦੀਆਂ ਕਈ ਯੋਜਨਾਵਾਂ ਵਿਚ ਸ਼ਾਮਲ ਸੀ।
ਇਨ੍ਹਾਂ ਯੋਜਨਾਵਾਂ ਨੂੰ ਮੈਰੀਲੈਂਡ ਸਥਿਤ ਕੈਪੀਟਲ ਹਾਈਟਸ ਦੇ ਐਂਥਨੀ ਮੈਰਿਟ ਅਤੇ ਡੀ.ਸੀ. ਆਫਿਸ ਆਫ ਟੈਕਸ ਐਂਡ ਰੈਵੇਨਿਊ (ਓ.ਟੀ.ਆਰ.) ਦੇ ਸਾਬਕਾ ਮੈਨੇਜਰ ਵਿਨਸੈਂਟ ਸਲੇਟਰ ਨੇ ਬਣਾਇਆ ਸੀ। ਯੋਜਨਾਵਾਂ ਤਹਿਤ ਅਮੀਰਸ਼ਾਹੀ ਦੇ ਇਲਾਵਾ ਚਾਰਲਸ ਝੂ, ਆਂਦਰੇ ਡੀ ਮੋਆ ਅਤੇ ਦਾਊਦ ਜਾਫ਼ਰੀ ਨਾਂ ਦੇ ਕਾਰੋਬਾਰੀਆਂ ਨੇ ਵਪਾਰਕ ਟੈਕਸਾਂ ਤੋਂ ਬਚਣ ਲਈ ਵਿਚੋਲੇ ਮੈਰਿਟ ਰਾਹੀਂ ਸਲੇਟਰ ਨੂੰ ਰਿਸ਼ਵਤ ਦਿੱਤੀ। ਅਮੀਰਸ਼ਾਹੀ ਨੇ ਜਨਵਰੀ 2019 ਵਿਚ ਆਪਣਾ ਜੁਰਮ ਕਬੂਲ ਕਰ ਲਿਆ ਸੀ।