ਵਾਸ਼ਿੰਗਟਨ, 8 ਜੂਨ (ਪੰਜਾਬ ਮੇਲ)-ਮਿਸ਼ੀਗਨ ਤੋਂ ਭਾਰਤੀ-ਅਮਰੀਕੀ ਕਾਨੂੰਨਸਾਜ਼ ਰੰਜੀਵ ਪੁਰੀ ਨੇ ਨਫ਼ਰਤੀ ਅਪਰਾਧ ਦੀ ਪਰਿਭਾਸ਼ਾ ਦਾ ਘੇਰਾ ਵਧਾਉਣ ਲਈ ਬਿੱਲ ਪੇਸ਼ ਕੀਤਾ ਹੈ। ਬਿੱਲ ਵਿਚ ਧਾਰਮਿਕ ਅਸਥਾਨ ‘ਚ ਕੀਤੀ ਭੰਨ-ਤੋੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੁਰੀ, ਜਿਸ ਦੇ ਮਾਤਾ-ਪਿਤਾ 1970 ਵਿਚ ਅੰਮ੍ਰਿਤਸਰ ਤੋਂ ਅਮਰੀਕਾ ਪਰਵਾਸ ਕਰ ਗਏ ਸਨ, ਨੇ ਇਕ ਹੋਰ ਬਿੱਲ ਰੱਖਿਆ ਹੈ, ਜਿਸ ‘ਚ ਦੀਵਾਲੀ, ਵਿਸਾਖੀ, ਈਦ ਉਲ-ਫਿਤਰ, ਈਦ ਉਲ-ਜ਼ੁਹਾ ਮੌਕੇ ਮਿਸ਼ੀਗਨ ‘ਚ ਅਧਿਕਾਰਤ ਸਰਕਾਰੀ ਛੁੱਟੀ ਐਲਾਨੇ ਜਾਣ ਦੀ ਤਜਵੀਜ਼ ਹੈ। ਸੂਬਾਈ ਪ੍ਰਤੀਨਿਧ ਵਜੋਂ ਪੁਰੀ ਦਾ ਇਹ ਦੂਜਾ ਕਾਰਜਕਾਲ ਹੈ ਤੇ ਉਹ ਇਸ ਵੇਲੇ ਮਿਸ਼ੀਗਨ ਹਾਊਸ ‘ਚ ਬਹੁਗਿਣਤੀ ਧਿਰ ਦੇ ਵ੍ਹਿਪ ਹਨ।
ਪੁਰੀ ਨੇ ਕਿਹਾ, ”ਮੈਂ ਦੀਵਾਲੀ, ਵਿਸਾਖੀ ਤੇ ਈਦ ਅਲ-ਫਿਤਰ ਨੂੰ ਸਰਕਾਰੀ ਛੁੱਟੀ ਐਲਾਨੇ ਜਾਣ ਸਬੰਧੀ ਬਿੱਲ ਪੇਸ਼ ਕੀਤਾ ਹੈ। ਇਕ ਹੋਰ ਬਿੱਲ ਹੈ, ਜੋ ਨਫ਼ਤਰੀ ਅਪਰਾਧਾਂ ਦੀ ਪਰਿਭਾਸ਼ਾ ਦੇ ਘੇਰੇ ਨੂੰ ਮੋਕਲਾ ਕਰੇਗਾ। ਮਿਸ਼ੀਗਨ ਵਿਚ ਅਸਲ ਨਫ਼ਰਤੀ ਅਪਰਾਧ ਬਿੱਲ 1988 ਵਿਚ ਲਿਖਿਆ ਗਿਆ ਸੀ ਤੇ ਉਦੋਂ ਤੋਂ ਇਸ ਵਿਚ ਸੋਧ ਨਹੀਂ ਹੋਈ।”
ਪੁਰੀ ਨੇ ਕਿਹਾ, ”ਜੇਕਰ ਕਿਸੇ ਮੰਦਿਰ, ਮਸਜਿਦ ਜਾਂ ਗੁਰਦੁਆਰੇ ‘ਚ ਭੰਨਤੋੜ ਜਾਂ ਫਿਰ ਬੇਅਦਬੀ ਹੁੰਦੀ ਹੈ, ਤਾਂ ਅਜਿਹੇ ਵਿਅਕਤੀਆਂ ਖਿਲਾਫ਼ ਨਫ਼ਰਤੀ ਅਪਰਾਧਾਂ ਤਹਿਤ ਕਾਰਵਾਈ ਕਰਨੀ ਸੁਖਾਲੀ ਹੋ ਜਾਵੇਗੀ। ਮੈਨੂੰ ਮਾਣ ਹੈ ਕਿ ਮਿਸ਼ੀਗਨ ‘ਚ ਇਸ ਵੱਡੇ ਸੁਧਾਰ ਦੀ ਮੈਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ।” ਪੂਰੀ ਦੇ ਮਾਤਾ-ਪਿਤਾ 1970 ਵਿਚ ਅਮਰੀਕਾ ਆਏ ਸਨ ਤੇ ਵਿਸਕਾਨਸਿਨ ਵਿਚ ਪਹਿਲਾ ਗੁਰਦੁਆਰਾ ਸਥਾਪਤ ਕਰਨ ‘ਚ ਉਨ੍ਹਾਂ ਦੇ ਪਿਤਾ ਦਾ ਅਹਿਮ ਯੋਗਦਾਨ ਸੀ।