#AMERICA

ਭਾਰਤੀ-ਅਮਰੀਕੀਆਂ ਨੇ 50 ਮਿਲੀਅਨ ਡਾਲਰ ਦਾ Health Care ਫਰਾਡ ਦਾ ਦੋਸ਼ ਕਬੂਲਿਆ

ਨਿਊਯਾਰਕ, 1 ਮਈ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਨਿਊਯਾਰਕ ਵਿਚ ਰਹਿਣ ਵਾਲੇ ਇਕ ਗੁਜਰਾਤੀ ਭਾਰਤੀ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਅਤੇ ਗ੍ਰਿਫ਼ਤਾਰੀ ਤੋਂ 6 ਮਹੀਨੇ ਬਾਅਦ ਉਸ ਨੇ ਅਦਾਲਤ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਦੋਸ਼ੀ ਮਨੀਸ਼ ਪਟੇਲ ‘ਤੇ ਦੋਸ਼ ਹੈ ਕਿ ਉਸ ਨੇ ਜਾਅਲੀ ਨੁਸਖ਼ਿਆਂ ਅਤੇ ਫਰਜ਼ੀ ਲੈਬ ਟੈਸਟਾਂ ਦੇ ਰਾਹੀਂ ਦਵਾਈਆਂ ਅਤੇ ਮੈਡੀਕਲ ਉਪਕਰਣ ਵੇਚ ਕੇ ਲੱਖਾਂ ਡਾਲਰਾਂ ਦਾ ਕਮਿਸ਼ਨ ਖਾਧਾ ਸੀ। ਉਸ ਨੇ 50 ਮਿਲੀਅਨ ਡਾਲਰ ਦੇ ਹੈਲਥਕੇਅਰ ਘੁਟਾਲੇ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।
ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਅਟਾਰਨੀ ਡੈਮਿਅਨ ਵਿਲੀਅਮਜ਼ ਦੁਆਰਾ ਕੀਤੇ ਗਏ ਐਲਾਨ ਅਨੁਸਾਰ 44 ਸਾਲਾ ਮਨੀਸ਼ ਪਟੇਲ ਨੇ ਯੂ.ਐੱਸ. ਮੈਜਿਸਟ੍ਰੇਟ ਉਨਾ.ਟੀ. ਵੈਂਗ ਸਾਹਮਣੇ ਆਪਣੇ ਆਪ ਨੂੰ ਦੋਸ਼ੀ ਮੰਨਿਆ। ਇੱਕ ਹੋਰ ਵਿਅਕਤੀ ਨਾਲ ਮਿਲ ਕੇ ਉਸ ਨੇ ਕਾਲ ਸੈਂਟਰਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਮੈਡੀਕੇਅਰ ਲਾਭਪਾਤਰੀਆਂ ਲਈ ਟੈਲੀਮੇਡੀਸਨ ਨਿਯੁਕਤੀਆਂ ਦਾ ਪ੍ਰਬੰਧ ਕੀਤਾ ਸੀ। ਮਰੀਜ਼ਾਂ ਦੀ ਜਾਣਕਾਰੀ ਤੋਂ ਬਿਨਾਂ ਨੁਸਖੇ ਅਤੇ ਉਨ੍ਹਾਂ ‘ਤੇ ਡਾਕਟਰਾਂ ਦੇ ਜਾਅਲੀ ਦਸਤਖ਼ਤ ਸਨ। ਜਿਸ ਵਿਅਕਤੀ ਨਾਲ ਮਨੀਸ਼ ਨੇ ਇਸ ਘਪਲੇ ਨੂੰ ਅੰਜਾਮ ਦਿੱਤਾ, ਉਸ ਦੀ ਪਛਾਣ ਸੀ.ਸੀ.ਵਨ ਵਜੋਂ ਸਾਹਮਣੇ ਆਈ ਹੈ। ਮਨੀਸ਼ ਪਟੇਲ ਨੇ 2019 ਤੋਂ 2022 ਤੱਕ 50 ਮਿਲੀਅਨ ਡਾਲਰ ਦਾ ਘੁਟਾਲਾ ਕੀਤਾ ਅਤੇ ਅਕਤੂਬਰ 2023 ਵਿਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਨੀਸ਼ ਪਟੇਲ ਨੂੰ ਇੱਕ ਹੈਲਥਕੇਅਰ ਘੁਟਾਲੇ ਨੂੰ ਅੰਜਾਮ ਦੇਣ ਤੋਂ ਇਲਾਵਾ ਅਦਾਲਤ ਨੇ ਧੋਖਾਧੜੀ ਦਾ ਵੀ ਦੋਸ਼ੀ ਮੰਨਿਆ। ਦੋਵਾਂ ਨੂੰ ਵੱਧ ਤੋਂ ਵੱਧ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਅਨੁਸਾਰ ਮਨੀਸ਼ ਪਟੇਲ ਨੇ 2019 ਅਤੇ 2022 ਵਿਚਕਾਰ ਜੋ ਘੁਟਾਲਾ ਚਲਾਇਆ ਸੀ, ਉਸ ਵਿਚ ਮੈਡੀਕਲ ਉਪਕਰਣਾਂ, ਦਵਾਈਆਂ ਅਤੇ ਮੈਡੀਕੇਅਰ ਲਾਭਪਾਤਰੀਆਂ ਨੂੰ ਮੈਡੀਕਲ ਉਪਕਰਣ ਸਪਲਾਇਰਾਂ, ਫਾਰਮੇਸੀਆਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਤਜਵੀਜ਼ ਕੀਤੇ ਗਏ ਲੈਬ: ਟੈਸਟਾਂ ਲਈ ਨਕਲੀ ਨੁਸਖ਼ੇ ਵੇਚਣਾ ਸ਼ਾਮਲ ਸੀ। ਪਟੇਲ ਨੇ ਇਹ ਸਾਰੀ ਸਮੱਗਰੀ ਮੈਡੀਕੇਅਰ ਲਾਭਪਾਤਰੀਆਂ ਨੂੰ ਬੁਲਾਉਣ ਵਾਲੇ ਕਾਲ ਸੈਂਟਰਾਂ ਤੋਂ ਪ੍ਰਾਪਤ ਕੀਤੀ ਸੀ। ਮਨੀਸ਼ ਪਟੇਲ ਕਾਲ ਸੈਂਟਰਾਂ ਰਾਹੀਂ ਪ੍ਰਾਪਤ ਹੋਈ, ਇਸ ਸੂਚਨਾ ਰਾਹੀਂ ਸਿਹਤ ਸੰਭਾਲ ਲਾਭਪਾਤਰੀਆਂ ਦੀਆਂ ਜਾਅਲੀ ਟੈਲੀਮੈਡੀਸਨ ਨਿਯੁਕਤੀਆਂ ਦਾ ਪ੍ਰਬੰਧ ਕਰਦਾ ਸੀ ਅਤੇ ਇਹ ਸਾਰੀ ਜਾਣਕਾਰੀ ਡਾਕਟਰ ਨੂੰ ਭੇਜਦਾ ਸੀ, ਜੋ ਮਰੀਜ਼ ਨੂੰ ਦੇਖੇ ਬਿਨਾਂ ਹੀ ਨੁਸਖ਼ੇ ‘ਤੇ ਦਸਤਖ਼ਤ ਕਰਦਾ ਸੀ। ਮਨੀਸ਼ ਪਟੇਲ ਡਾਕਟਰ ਦੇ ਦਸਤਖ਼ਤ ਕੀਤੇ ਨੁਸਖੇ ਮੈਡੀਕੇਅਰ ਪ੍ਰਦਾਤਾਵਾਂ ਨੂੰ ਵੇਚਦਾ ਸੀ, ਜੋ ਨੁਸਖ਼ੇ ਦੇ ਆਧਾਰ ‘ਤੇ ਦਵਾਈਆਂ, ਮੈਡੀਕਲ ਸਾਜ਼ੋ-ਸਾਮਾਨ ਜਾਂ ਲੈਬ ਟੈਸਟਾਂ ਲਈ ਭੁਗਤਾਨ ਕਰਨਗੇ।
ਪਟੇਲ ਆਪਣੀ ਸੈਟਿੰਗ ਰਾਹੀਂ ਜੋ ਜਾਅਲੀ ਨੁਸਖੇ ਤਿਆਰ ਕਰਦਾ ਸੀ, ਉਸ ਵਿਚ ਦਵਾਈ ਜਾਂ ਮੈਡੀਕਲ ਉਪਕਰਨ ਮਰੀਜ਼ ਦੀ ਜਾਣਕਾਰੀ ਤੋਂ ਬਿਨਾਂ ਅਤੇ ਉਸ ਦੀ ਲੋੜ ਨਾ ਵੀ ਹੋਣ ਦੇ ਬਾਵਜੂਦ ਵੀ ਭੇਜੇ ਜਾਂਦੇ ਸਨ, ਜਿਸ ਨੂੰ ਬਹੁਤ ਸਾਰੇ ਮਰੀਜ਼ਾਂ ਭਾਵ ਮੈਡੀਕੇਅਰ ਲਾਭਪਾਤਰੀਆਂ ਨੇ ਰੱਦ ਵੀ ਕਰ ਦਿੱਤਾ ਸੀ। ਜਦੋਂ ਕਈ ਡਾਕਟਰਾਂ ਨੂੰ ਮਨੀਸ਼ ਦੇ ਇਸ ਘਪਲੇ ਦੇ ਬਾਰੇ ਪਤਾ ਲੱਗਾ ਤਾਂ ਕਈ ਡਾਕਟਰਾਂ ਨੇ ਉਸ ਦਾ ਪਰਦਾਫਾਸ਼ ਕਰਨ ਦੀਆਂ ਧਮਕੀਆਂ ਦਿੱਤੀਆਂ। ਇੱਥੋਂ ਤੱਕ ਕਿ ਮੈਡੀਕੇਅਰ ਯਾਨੀ ਬੀਮਾ ਕੰਪਨੀਆਂ ਵੀ ਅਕਸਰ ਇਨ੍ਹਾਂ ਨੁਸਖ਼ਿਆਂ ਵਿਚ ਲਿਖੀਆਂ ਵਸਤੂਆਂ ਦੇ ਬਿੱਲ ਰੱਦ ਕਰ ਦਿੰਦੀਆਂ ਸਨ। ਇਸ ਕਾਰਨ ਮਨੀਸ਼ ਦੀ ਧੋਖਾਧੜੀ ਦਾ ਪਰਦਾਫਾਸ਼ ਹੋ ਗਿਆ। ਹਾਲਾਂਕਿ, ਮਨੀਸ਼ ਪਟੇਲ ਨੇ ਤਿੰਨ ਸਾਲਾਂ ਦੇ ਸਮੇਂ ਵਿਚ ਜੋ ਘਪਲਾ ਕੀਤਾ, ਉਸ ਨਾਲ ਅਮਰੀਕੀ ਸਰਕਾਰ ਨੂੰ 50 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਹੁਣ ਜਦੋਂ ਮਨੀਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਹੋਣੀ ਤੈਅ ਹੈ ਪਰ ਉਸ ਨੂੰ ਅਮਰੀਕਾ ਤੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ। ਉਸ ਨੂੰ 26 ਜੁਲਾਈ ਸਵੇਰੇ 10:00 ਵਜੇ ਯੂ.ਐੱਸ. ਜ਼ਿਲ੍ਹਾ ਸ਼ੈਸਨ ਜੱਜ ਨਿਊਯਾਰਕ ਲੋਰਨਾ ਸ਼ੋਫੀਲਡ ਦੀ ਅਦਾਲਤ ‘ਚ ਸ਼ਜਾ ਸੁਣਾਈ ਜਾਣੀ ਹੈ।