#INDIA

ਭਾਰਤੀਆਂ ਨੂੰ ਵੀਜ਼ਾ ਮੁਕਤ ਐਂਟਰੀ ਦੇਵੇਗਾ ਰੂਸ; ਜਲਦ ਹੋਵੇਗਾ ਐਲਾਨ

-ਸੈਲਾਨੀਆਂ ਦੀ ਹੋਵੇਗੀ ਮੌਜ਼!
ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਭਾਰਤ ਅਤੇ ਰੂਸ ਦੀ ਦੋਸਤੀ ਵਿੱਚ ਇੱਕ ਹੋਰ ਅਧਿਆਏ ਜੋੜਦੇ ਹੋਏ ਰੂਸ ਨੇ ਭਾਰਤੀਆਂ ਲਈ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਹੈ। ਭਾਰਤ ਅਤੇ ਰੂਸ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ ਨੂੰ ਆਸਾਨ ਬਣਾਉਣ ਲਈ ਵੀਜ਼ਾ ਮੁਕਤ ਸਮਝੌਤੇ ‘ਤੇ ਦਸਤਖਤ ਹੋਣ ਵਾਲੇ ਹਨ। ਇਸ ਦੁਵੱਲੇ ਸਮਝੌਤੇ ‘ਤੇ ਰੂਸ ਅਤੇ ਭਾਰਤ ਵਿਚਾਲੇ ਸਲਾਹ-ਮਸ਼ਵਰਾ ਜੂਨ ‘ਚ ਸ਼ੁਰੂ ਹੋਵੇਗਾ। ਰੂਸੀ ਮੰਤਰੀ ਨੇ ਕਿਹਾ ਹੈ ਕਿ ਮਾਸਕੋ ਅਤੇ ਨਵੀਂ ਦਿੱਲੀ ਵੀਜ਼ਾ-ਮੁਕਤ ਸਮੂਹ ਟੂਰਿਸਟ ਐਕਸਚੇਂਜ ਸ਼ੁਰੂ ਕਰਕੇ ਆਪਣੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਆਰ.ਟੀ. ਨਿਊਜ਼ ਨੇ ਰੂਸੀ ਆਰਥਿਕ ਵਿਕਾਸ ਮੰਤਰਾਲੇ ਦੇ ਬਹੁ-ਪੱਖੀ ਆਰਥਿਕ ਸਹਿਯੋਗ ਅਤੇ ਵਿਸ਼ੇਸ਼ ਪ੍ਰੋਜੈਕਟਾਂ ਦੇ ਵਿਭਾਗ ਦੀ ਡਾਇਰੈਕਟਰ ਨਿਕਿਤਾ ਕੋਂਦ੍ਰਤਯੇਵ ਦੇ ਹਵਾਲੇ ਨਾਲ ਕਿਹਾ, ”ਭਾਰਤ ਨਾਲ ਵੀਜ਼ਾ ਮੁਕਤ ਸਮਝੌਤੇ ‘ਤੇ ਗੱਲਬਾਤ ਅੰਤਿਮ ਪੜਾਅ ‘ਤੇ ਹੈ”। ਇੰਨਾ ਹੀ ਨਹੀਂ, ਕੋਂਡਰਾਤਯੇਵ ਨੇ ਕਿਹਾ ਕਿ ਰੂਸ, ਚੀਨ ਅਤੇ ਈਰਾਨ ਦੇ ਨਾਲ ਪਹਿਲਾਂ ਤੋਂ ਹੀ ਸਥਾਪਿਤ ਵੀਜ਼ਾ-ਮੁਕਤ ਟੂਰਿਸਟ ਐਕਸਚੇਂਜ ਦੀ ਸਫਲਤਾ ਨੂੰ ਦੁਹਰਾਉਣ ਦੀ ਯੋਜਨਾ ਬਣਾ ਰਿਹਾ ਹੈ।
ਰੂਸ ਅਤੇ ਚੀਨ ਨੇ ਪਿਛਲੇ ਸਾਲ 1 ਅਗਸਤ ਨੂੰ ਆਪਣੇ ਵੀਜ਼ਾ ਮੁਕਤ ਸਮੂਹ ਟੂਰਿਸਟ ਐਕਸਚੇਂਜ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ, ਰੂਸ ਅਤੇ ਈਰਾਨ ਵਿਚਕਾਰ ਵੀਜ਼ਾ-ਮੁਕਤ ਸਮੂਹ ਸੈਲਾਨੀ ਆਦਾਨ-ਪ੍ਰਦਾਨ ਉਸੇ ਤਾਰੀਖ ਨੂੰ ਸ਼ੁਰੂ ਹੋਇਆ, ਜਿਸ ਨਾਲ ਸੈਰ-ਸਪਾਟਾ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ।