ਚੰਡੀਗੜ੍ਹ, 2 ਜਨਵਰੀ (ਪੰਜਾਬ ਮੇਲ) – ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੁੱਝ ਹੋਰ ਪ੍ਰਮੁੱਖ ਆਗੂਆਂ ਵਲੋਂ ਅੰਦਰਖਾਤੇ ਭਾਜਪਾ ਨਾਲ ਮੁੜ ਗਠਜੋੜ ਲਈ ਤਰਲੋਮੱਛੀ ਹੋਣ ਦੇ ਬਾਵਜੂਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹਾਲੇ ਤਕ ਅਕਾਲੀ ਦਲ ਨੂੰ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਹੀ। ਤਿੰਨ ਮੁੱਖ ਰਾਜਾਂ ਵਿਚ ਵੱਡੀ ਜਿੱਤ ਬਾਅਦ ਤਾਂ ਭਾਜਪਾ ਦਾ ਰੁਖ਼ ਹੋਰ ਵੀ ਸਖ਼ਤ ਹੋ ਗਿਆ ਹੈ ਅਤੇ ਅਕਾਲੀ ਦਲ ਅੱਗੇ ਵੱਡੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਬੇਸ਼ੱਕ ਅੰਦਰਖਾਤੇ ਹੋ ਰਹੀ ਗੱਲਬਾਤ ਦਾ ਪ੍ਰਗਟਾਵਾ ਬਾਦਲ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਕਰ ਚੁੱਕੇ ਹਨ ਪਰ ਭਾਜਪਾ ਦਾ ਰੁਖ਼ ਹਾਲੇ ਨਾਂਹ ਪੱਖੀ ਹੀ ਹੈ।
ਭਾਵੇਂ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਪੰਥਕ ਏਕਤਾ ਲਈ ਹਾਮੀ ਤਾਂ ਭਰ ਰਹੇ ਹਨ ਪਰ ਭਾਜਪਾ ਦੇ ਰੁਖ਼ ਨੂੰ ਦੇਖਦਿਆਂ ਹਾਲੇ ਜੱਕੋ ਤੱਕੀ ਵਿਚ ਹੀ ਹਨ ਕਿ ਬਾਦਲ ਦਲ ਵਿਚ ਵਾਪਸੀ ਕੀਤੀ ਜਾਵੇ ਜਾਂ ਨਾ। ਇਸ ਤਰ੍ਹਾਂ ਪੰਥਕ ਏਕਤਾ ਦੀ ਗੱਲ ਵੀ ਭਾਜਪਾ ਨਾਲ ਗਠਜੋੜ ’ਤੇ ਹੀ ਨਿਰਭਰ ਲਗਦੀ ਹੈ ਢੀਂਡਸਾ ਅਤੇ ਬੀਬੀ ਜਗੀਰ ਕੌਰ ਵਰਗੇ ਬਾਦਲ ਦਲ ਤੋਂ ਵੱਖ ਹੋ ਚੁੱਕੇ ਪ੍ਰਮੁੱਖ ਆਗੂ ਵੀ ਇਹ ਭਲੀ ਭਾਂਤ ਸਮਝਦੇ ਹਨ ਕਿ ਇਕੱਲੇ ਬਾਦਲ ਦੀ ਹੁਣ ਪੰਜਾਬ ਵਿਚ ਦਾਲ ਨਹੀਂ ਦਲਣੀ ਅਤੇ ਪਾਰਟੀ ਦੀ ਹੋਂਦ ਖ਼ਤਮ ਹੋਣ ਕਿਨਾਰੇ ਹੈ ਅਤੇ ਸੁਖਬੀਰ ਦੇ ਪੈਂਤੜਿਆਂ ਦੇ ਬਾਵਜੂਦ ਗੱਲ ਨਹੀਂ ਬਣ ਰਹੀ। ਇਸ ਹਾਲਤ ਵਿਚ ਭਾਜਪਾ ਨਾਲ ਗਠਜੋੜ ਕਰ ਕੇ ਹੀ ਅਕਾਲੀ ਦਲ ਅਪਣਾ ਆਧਾਰ ਮੁੜ ਸਥਾਪਤ ਕਰ ਸਕਦਾ ਹੈ। ਪੰਥਕ ਏਕਤਾ ਵਿਚ ਇਕ ਵੱਡਾ ਅੜਿੱਕਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਛੱੜਣ ਬਾਰੇ ‘ਮੈਂ ਨਾ ਮਾਨੂੰ ਵਾਲੀ ਅੜੀ’ ਬਣ ਰਹੀ ਹੈ।
ਢੀਂਡਸਾ ਅਤੇ ਬੀਬੀ ਜਗੀਰ ਕੌਰ ਸਣੇ ਹੋਰ ਸਾਰੇ ਅਕਾਲੀ ਦਲ ਤੋਂ ਵੱਖ ਹੋਏ ਆਗੂ ਪਾਰਟੀ ਦੇ ਮੁੜ ਉਥਾਨ ਲਈ ਸੁਖਬੀਰ ਤੋਂ ਪ੍ਰਧਾਨਗੀ ਤੋਂ ਲਾਂਭੇ ਹੋਣ ਦੀ ਸ਼ਰਤ ਵੀ ਰੱਖ ਰਹੇ ਹਨ। ਭਾਜਪਾ ਨਾਲ ਲੋਕ ਸਭਾ ਵਿਚ ਸੀਟਾਂ ਦਾ ਮਾਮਲਾ ਤਾਂ ਅਕਾਲੀ ਦਲ ਨਾਲ ਨਿਪਟ ਸਕਦਾ ਹੈ ਪਰ ਅੱਗੇ ਵਿਧਾਨ ਸਭਾ ਵਿਚ ਵੀ ਭਾਜਪਾ ਵਲੋਂ ਅੱਧੋ ਅੱਧ ਸੀਟਾਂ ਦੀ ਸ਼ਰਤ ਗਠਜੋੜ ਦੇ ਮੁੁੜ ਬਣਨ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਇਹ ਸ਼ਰਤ ਬਾਦਲ ਦਲ ਦੇ ਬਹੁਤੇ ਆਗੂ ਮੰਨਣ ਲਈ ਤਿਆਰ ਨਹੀਂ। ਭਾਜਪਾ ਵੀ ਚਾਹੁੰਦੀ ਹੈ ਕਿ ਜੇਕਰ ਅਕਾਲੀ ਦਲ ਨਾਲ ਗਠਜੋੜ ਹੋਵੇ ਤਾਂ ਸੁਖਬੀਰ ਦੀ ਥਾਂ ਕੋਈ ਹੋਰ ਪ੍ਰਧਾਨ ਹੋਵੇ।
ਜ਼ਿਕਰਯੋਗ ਹੈ ਕਿ ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋ ਜਾਂਦਾ ਹੈ ਤਾਂ ਬਸਪਾ ਨਾਲ ਤੋੜ ਵਿਛੋੜਾ ਤੈਅ ਹੈ। ਅਕਾਲੀ ਦਲ ਦੀ ਭਾਜਪਾ ਨਾਲ ਚਲ ਰਹੀ ਅੰਦਰਖਾਤੇ ਗੱਲਬਾਤ ਤੋਂ ਬਸਪਾ ਪੰਜਾਬ ਦੀ ਲੀਡਰਸ਼ਿਪ ਵੀ ਔਖੀ ਹੈ। ਬਸਪਾ ਆਗੂਆਂ ਦੀ ਸਥਿਤੀ ਉਪਰ ਲਗਾਤਾਰ ਨਜ਼ਰ ਹੈ। ਬਸਪਾ ਜੇ ਅਕਾਲੀ ਦਲ ਤੋਂ ਵੱਖ ਹੋ ਜਾਂਦੀ ਹੈ ਤਾਂ ਐਸ.ਸੀ. ਵਰਗ ਨਾਲ ਸਬੰਧਤ ਵੋਟ ਬੈਂਕ ਦਾ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਵੇਗਾ। ਅਕਾਲੀ ਦਲ ਅੰਦਰ ਵੀ ਇਸ ਮਾਮਲੇ ਨੂੰ ਲੈ ਕੇ ਮਤਭੇਦ ਹਨ। ਕਈ ਪ੍ਰਮੁੱਖ ਆਗੂ ਬਸਪਾ ਨਾਲ ਗਠਜੋੜ ਕਾਇਮ ਰੱਖਣ ਅਤੇ ਭਾਜਪਾ ਤੋਂ ਦੂਰ ਰਹਿਣ ਦੇ ਹੀ ਹੱਕ ਵਿਚ ਹਨ ਪਰ ਬਾਦਲ ਪ੍ਰਵਾਰ ਭਾਜਪਾ ਨਾਲ ਗਠਜੋੜ ਲਈ ਕਾਹਲਾ ਹੈ।