#PUNJAB

ਭਾਜਪਾ ਨੇ ਸਤਿਕਾਰ ਕੌਰ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ

ਚੰਡੀਗੜ੍ਹ,  24 ਅਕਤੂਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਵੀਰਵਾਰ ਨੂੰ ਪਾਰਟੀ ਆਗੂ ਅਤੇ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਸਤਿਕਾਰ ਕੌਰ ਨੂੰ ਨਸ਼ੀਲੇ ਪਦਾਰਥ ਸਬੰਧੀ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ’ਤੇ ਸਤਿਕਾਰ ਕੌਰ ਨੂੰ ਬਾਹਰ ਕੱਢਿਆ ਗਿਆ ਹੈ। ਸਤਿਕਾਰ ਕੌਰ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ ਮੋਹਾਲੀ ਦੇ ਖਰੜ ਵਿਚ ਕਥਿਤ ਤੌਰ ’ਤੇ 100 ਗ੍ਰਾਮ ਤੋਂ ਵੱਧ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਦੇ ਮਾਮਲੇ ਵਿਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕਾ ਅਤੇ ਉਸਦੇ ਭਤੀਜੇ ਕੋਲੋ ਕੁੱਲ 128 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਸਤਿਕਾਰ ਕੌਰ ਸਾਲ 2017 ਤੋਂ 2022 ਦੌਰਾਨ ਫਿਰੋਜ਼ਪੁਰ ਪੇਂਡੂ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੀ ਅਤੇ 2022 ਵਿਚ ਟਿਕਟ ਨਾ ਮਿਲਣ ਕਾਰਨ ਭਾਜਪਾ ਵਿਚ ਸ਼ਾਮਲ ਹੋ ਗਈ ਸੀ।