#PUNJAB

ਭਾਜਪਾ ਨੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਿੱਤੀ

-ਜੇਤੂ ਕੁਲਜੀਤ ਸਿੰਘ ਸੰਧੂ ਤੇ ਰਾਜਿੰਦਰ ਸ਼ਰਮਾ ਨੂੰ 19-19 ਵੋਟਾਂ ਪਈਆਂ
ਚੰਡੀਗੜ੍ਹ, 5 ਫਰਵਰੀ (ਪੰਜਾਬ ਮੇਲ)- ਸੋਮਵਾਰ ਨੂੰ ਨਗਰ ਨਿਗਮ ਸਦਨ ਵਿਚ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ। ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਚੋਣ ਕਰਵਾਈ। ਨਗਰ ਨਿਗਮ ਵਿਚ ਕੁੱਲ 36 ਵੋਟਾਂ ਵਿਚੋਂ ਸੀਨੀਅਰ ਡਿਪਟੀ ਮੇਅਰ ਲਈ ਹੋਈ ਵੋਟਿੰਗ ਵਿਚ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੂੰ 19 ਵੋਟਾਂ ਮਿਲੀਆਂ, ਜਦੋਂਕਿ ‘ਆਪ’-ਕਾਂਗਰਸ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ 16 ਵੋਟਾਂ ਮਿਲੀਆਂ, ਇੱਕ ਵੋਟ ਰੱਦ ਕਰ ਦਿੱਤੀ ਗਈ ਸੀ। ਡਿਪਟੀ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿਚ ਭਾਜਪਾ ਦੇ ਰਾਜਿੰਦਰ ਸ਼ਰਮਾ ਨੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ ਦੋ ਵੋਟਾਂ ਨਾਲ ਹਰਾਇਆ। ਭਾਜਪਾ ਦੇ ਰਾਜਿੰਦਰ ਸ਼ਰਮਾ ਨੂੰ 19 ਅਤੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ। ‘ਆਪ’ ਦੇ ਕੌਂਸਲਰ ਪੂਨਮ, ਨੇਹਾ ਤੇ ਗੁਰਚਰਨ ਜੀਤ ਸਿੰਘ ਕਾਲਾ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ ਤੇ ਉਹ ਸੋਮਵਾਰ ਨੂੰ ਸਿੱਧੇ ਨਗਰ ਨਿਗਮ ਭਵਨ ਪੁੱਜੇ ਅਤੇ ਵੋਟਿੰਗ ਵਿਚ ਹਿੱਸਾ ਲਿਆ। ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਪਹਿਲੀ ਵੋਟ ਪਾਈ। ਕਿਰਨ ਖੇਰ ਦੇ ਵੋਟ ਪਾਉਣ ਤੋਂ ਪਹਿਲਾ ਕੌਂਸਲਰ ਸੌਰਭ ਜੋਸ਼ੀ ਉਨ੍ਹਾਂ ਦੇ ਨੇੜੇ ਆ ਗਏ, ਜਿਸ ਕਾਰਨ ਨਿਗਮ ਸਦਨ ਵਿਚ ਹੰਗਾਮਾ ਹੋ ਗਿਆ। ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੋਈ ਕੌਂਸਲਰ ਵੋਟ ਪਾਉਣ ਤੋਂ ਪਹਿਲਾਂ ਆਪਣੀ ਸੀਟ ਤੋਂ ਉੱਠ ਕੇ ਵੋਟ ਪਾਉਣ ਵਾਲੇ ਵਿਅਕਤੀ ਕੋਲ ਕਿਵੇਂ ਜਾ ਸਕਦਾ ਹੈ। ਹਾਲਾਂਕਿ ਬਾਅਦ ਵਿਚ ਮੇਅਰ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨਗਰ ਨਿਗਮ ਦੇ ਜੁਆਇੰਟ ਸਕੱਤਰ ਗੁਰਿੰਦਰ ਸਿੰਘ ਸੋਢੀ ਦੇ ਮੇਅਰ ਕੁਲਦੀਪ ਕੁਮਾਰ ਨਾਲ ਬੈਠਣ ਨੂੰ ਲੈ ਕੇ ਸਦਨ ਵਿਚ ਹੰਗਾਮਾ ਹੋਇਆ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਕੌਂਸਲਰ ਸੌਰਭ ਜੋਸ਼ੀ ਨੇ ਇਤਰਾਜ਼ ਉਠਾਇਆ ਸੀ। 19 ਫਰਵਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ 14 ਤੋਂ ਵਧ ਕੇ 17 ਹੋ ਗਈ ਹੈ। ‘ਆਪ’ ਦੇ 10 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਹਨ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਨਿਗਮ ਦੇ ਮੈਂਬਰ ਵਜੋਂ ਵੋਟ ਪਾਉਣ ਦਾ ਅਧਿਕਾਰ ਹੈ।
ਕਾਂਗਰਸ ਵੱਲੋਂ ਅਕਾਲੀ ਦਲ ਦੀ ਨਿਖੇਧੀ
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈਆਂ ਚੋਣਾਂ ਦੌਰਾਨ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਲਈ ਅਕਾਲੀ ਦਲ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲੀ ਕੌਂਸਲਰਾਂ ਵੱਲੋਂ ਭਾਜਪਾ ਦੇ ਹੱਕ ਵਿਚ ਵੋਟ ਪਾਉਣ ਨੂੰ ਦੇਸ਼ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਪਿੱਠ ਵਿਚ ਛੁਰਾ ਮਾਰਨ ਵਾਲਾ ਕਰਾਰ ਦਿੰਦਿਆਂ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਖੇਤੀ ਨੂੰ ਤਬਾਹ ਕਰਨ ਦੀਆਂ ਭਾਜਪਾ ਦੀਆਂ ਕਿਸਾਨ ਵਿਰੋਧੀ ਕੋਸ਼ਿਸ਼ਾਂ ਵਿਚ ਅਕਾਲੀ ਦਲ ਖਾਮੋਸ਼ ਭਾਈਵਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਅਰ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੇ ‘ਨੋਟਾ’ ਦੀ ਵਿਵਸਥਾ ਦੀ ਮੰਗ ਕੀਤੀ ਸੀ, ਕਿਉਂਕਿ ਉਹ ਭਾਜਪਾ ਦਾ ਸਮਰਥਨ ਨਹੀਂ ਕਰਨਾ ਚਾਹੁੰਦੇ ਸਨ, ਪਰ ਲੱਗਦਾ ਹੈ ਕਿ ਬਾਅਦ ‘ਚ ਉਨ੍ਹਾਂ ਨੂੰ ਕੁਝ ਲਾਲਚ ਦਿੱਤਾ ਗਿਆ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਪਾਰਟੀ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਸਬੰਧੀ ਕਾਂਗਰਸ ਪਾਰਟੀ ਤੋਂ ਉਨ੍ਹਾਂ ਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।