ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਲਖੀਮਪੁਰ ਕਾਂਡ ਦੇ 5 ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ

307
ਸੈਂਕੜੇ ਵਹੀਕਲਾਂ 'ਚ ਸਵਾਰ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਵਿਸ਼ਾਲ ਕਾਫ਼ਲੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਲੈਕੇ ਜਾਂਦੇ ਹੋਏ।
Share

ਚੰਡੀਗੜ੍ਹ, 22 ਅਕਤੂਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਲਖੀਮਪੁਰ ਖੀਰੀ ਯੂ ਪੀ ਵਿਖੇ ਮੋਦੀ ਭਾਜਪਾ ਹਕੂਮਤ ਦੀ ਸਾਜ਼ਿਸ਼ ਤਹਿਤ ਗੱਡੀਆਂ ਥੱਲੇ ਕੁਚਲ ਕੇ ਸ਼ਹੀਦ ਕੀਤੇ ਗਏ 5 ਕਿਸਾਨਾਂ ਦੀਆਂ ਅਸਥੀਆਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੈਂਕੜੇ ਵਹੀਕਲਾਂ ‘ਚ ਸਵਾਰ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਵਿਸ਼ਾਲ ਕਾਫ਼ਲੇ ਵੱਲੋਂ ਹੁਸੈਨੀਵਾਲਾ ਬਾਰਡਰ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।
ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਫੋਟੋਆਂ ਅਤੇ ਫੁੱਲਾਂ ਨਾਲ ਸਜਾਈ ਲਾਊਡਸਪੀਕਰ ਵਾਲੀ ਗੱਡੀ ਉੱਪਰ ਸ਼ਹੀਦਾਂ ਦੀਆਂ ਅਸਥੀਆਂ ਵਾਲਾ ਮਟਕਾ ਰੱਖ ਕੇ ਪਟਿਆਲੇ ਤੋਂ ਤੁਰਿਆ ਕਾਫ਼ਲਾ ਦਸ ਬਾਰਾਂ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੋਇਆ ਸੈਂਕੜੇ ਵਹੀਕਲਾਂ ਦਾ ਕਾਫ਼ਲਾ ਬਣ ਗਿਆ।
ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਪਹੁੰਚ ਕੇ ਅਸਥੀਆਂ ਫੁੱਲਾਂ ਲੱਦੇ ਪੰਜ ਥਾਲ਼ਾਂ ਵਿੱਚ ਅਸਥੀਆਂ ਚੁੱਕੀ ਜਾ ਰਹੇ ਸੂਬਾਈ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਕਮਲਜੀਤ ਕੌਰ ਬਰਨਾਲਾ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਦਰਜਨਾਂ ਔਰਤਾਂ ਸਮੇਤ ਪੂਰਾ ਕਾਫ਼ਲਾ ਸ਼ਹੀਦਾਂ ਦੀ ਕਾਤਲ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਅਤੇ ਸ਼ਹੀਦਾਂ ਦੇ ਸਤਿਕਾਰ ਵਿੱਚ ਜ਼ੋਸ਼ੀਲੇ ਨਾਹਰੇ ਲਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਇੱਥੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਅਤੇ ਬੁੱਤਾਂ ਸਾਹਵੇਂ ਸਾਰੇ ਲੋਕ ਨਤਮਸਤਕ ਹੋਏ ਅਤੇ ਫੁੱਲਾਂ ਦੀ ਵਰਖਾ ਕੀਤੀ। ਉਸੇ ਤਰ੍ਹਾਂ ਰੋਹ ਭਰਪੂਰ ਤੇ ਜ਼ੋਸ਼ੀਲੇ ਨਾਹਰੇ ਲਾਉਂਦੇ ਹੋਏ ਲਾਗੇ ਵਗਦੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੀਆਂ ਜਾਬਰ ਕਪਟੀ ਫਿਰਕੂ ਚਾਲਾਂ ਦਾ ਖਹਿੜਾ ਛੱਡ ਕੇ ਕਿਸਾਨਾਂ ਦੀਆ ਬਿਲਕੁਲ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ। ਜਿਨ੍ਹਾਂ ਵਿੱਚ ਲਖੀਮਪੁਰ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਦੋਸ਼ੀ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਤੇ ਕਰਨਾ ਅਤੇ ਉਹਦੇ ਸਮੇਤ ਉਸਦੇ ਮੁੰਡੇ ਅਸ਼ੀਸ਼ ਮਿਸ਼ਰਾ ਤੇ ਉਸ ਦੇ ਪੂਰੇ ਗੁੰਡਾ ਟੋਲੇ ਨੂੰ ਸ਼ਹੀਦ ਕਿਸਾਨਾਂ ਦੇ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਦੇਣਾ, ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕਰਨਾ, ਲਾਭਕਾਰੀ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨਾ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਸਤੇ ਭਾਅ ਦੇਣ ਦੀ ਗਰੰਟੀ ਕਰਨਾ ਆਦਿ ਸ਼ਾਮਿਲ ਹਨ।
ਉਨ੍ਹਾਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਸਾਮਰਾਜੀ ਕਾਰਪੋਰੇਟਾਂ ਦੀ ਚੌਕੀਦਾਰੀ ਕਰ ਰਹੀ ਮੋਦੀ ਹਕੂਮਤ ਦੀਆਂ ਜਾਬਰ ਤੇ ਫਿਰਕੂ ਸਾਜ਼ਿਸ਼ੀ ਚਾਲਾਂ ਨੂੰ ਪਹਿਲਾਂ ਵਾਂਗ ਮਿੱਟੀ ‘ਚ ਰੋਲ਼ਦਿਆਂ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਘੋਲ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਾਮਰਾਜੀ ਗੱਠਜੋੜ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਹੋਰ ਮਜ਼ਬੂਤੀ ਲਈ ਦਿੱਲੀ ਮੋਰਚੇ ਸਮੇਤ ਪੰਜਾਬ ਵਿੱਚ 40 ਥਾਂਵਾਂ’ਤੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਵੀ ਪਹਿਲਾਂ ਮਿਥੇ ਗਏ ਪ੍ਰੋਗ੍ਰਾਮਾਂ ਮੁਤਾਬਕ ਔਰਤਾਂ, ਨੌਜਵਾਨਾਂ, ਕਿਸਾਨਾਂ ਮਜ਼ਦੂਰਾਂ ਦੀਆਂ ਲਾਮਬੰਦੀਆਂ ਨੂੰ ਜ਼ਰ੍ਹਬਾਂ ਦੇਣ ਲਈ ਪਿੰਡ ਪਿੰਡ ਜ਼ੋਰਦਾਰ ਯਤਨ ਜੁਟਾਏ ਜਾ ਰਹੇ ਹਨ। 26 ਅਕਤੂਬਰ ਦੀ ਲਖਨਊ ਮਹਾਂ ਰੈਲੀ ਵਿੱਚ ਵੀ ਜ਼ੋਰਦਾਰ ਸ਼ਮੂਲੀਅਤ ਕੀਤੀ ਜਾਵੇਗੀ।

Share