ਐੱਸਏਐੱਸ ਨਗਰ (ਮੁਹਾਲੀ), 29 ਸਤੰਬਰ (ਪੰਜਾਬ ਮੇਲ)- ਇਥੋਂ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਪਰ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਸਥਿਤ ਮੈਡੀਕਲ ਆਈਸੀਯੂ ’ਚ ਹੀ ਰਹਿਣਗੇ। ਮੁੱਖ ਮੰਤਰੀ ਨੂੰ ਪਿਛਲੇ ਦਿਨੀਂ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ ਲੈਪਟੋਸਪਾਇਰੋਸਿਸ ਲਈ ਉਨ੍ਹਾਂ ਦੇ ਖੂਨ ਦੇ ਨਮੂਨੇ ਪਾਜ਼ੇਟਿਵ ਆਏ ਹਨ। ਅੱਜ ਸ਼ਾਮ ਨੂੰ ਫੋਰਟਿਸ ਹਸਪਤਾਲ ਦੇ ਪ੍ਰਬੰਧਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਸਬੰਧਤ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾ. ਆਰਕੇ ਜਸਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਦੀ ਸਿਹਤ ਦੀ ਜਾਂਚ ਕੀਤੀ ਹੈ। ਮੁੱਖ ਮੰਤਰੀ ਦੇ ਟੈਸਟਾਂ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਪਲਮੋਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵੇਲੇ ਮੁੱਖ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਅਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਵੀ ਠੀਕ ਹਨ। ਉਨ੍ਹਾਂ ਕਿਹਾ ਕਿ ਲੈਪਟੋਸਪਾਇਰੋਸਿਸ ਲਈ ਉਨ੍ਹਾਂ ਦੇ ਖੂਨ ਦੇ ਟੈਸਟ ਵਾਪਸ ਪਾਜ਼ੇਟਿਵ ਆਏ ਹਨ। ਮੁੱਖ ਮੰਤਰੀ ਨੂੰ ਪਹਿਲਾਂ ਹੀ ਢੁਕਵੀਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀਬਖ਼ਸ਼ ਸੁਧਾਰ ਦਿਖਾਇਆ ਹੈ। ਬੀਤੇ ਦਿਨੀਂ ਹਸਪਤਾਲ ਵਿੱਚ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾ. ਜਸਵਾਲ ਮੁਤਾਬਕ ਮੁੱਖ ਮੰਤਰੀ ਦੀ ਪਲਮੋਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਤ ਹੋ ਗਿਆ ਹੈ। ਮੁੱਖ ਮੰਤਰੀ ਦੀ ਹਾਲਤ ਵਿੱਚ ਜਲਦੀ ਹੋਰ ਸੁਧਾਰ ਹੋਣ ਦੀ ਆਸ ਹੈ। ਉੱਧਰ ਮੁੱਖ ਮੰਤਰੀ ਦੇ ਜ਼ੇਰੇ ਇਲਾਜ ਹੋਣ ਕਾਰਨ ਫੋਰਟਿਸ ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ, ਜੋ ਹਸਪਤਾਲ ਵਿੱਚ ਆਉਣ-ਜਾਣ ਵਾਲੇ ਹਰੇਕ ਵਿਅਕਤੀ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।