#PUNJAB

ਬੱਲਾਂ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਅਣਪਛਾਤੇ ਵਾਹਨ ਨੇ ਐਕਟਿਵਾ ਚਾਲਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌਤ

ਜਲੰਧਰ, 19 ਸਤੰਬਰ (ਪੰਜਾਬ ਮੇਲ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਬੱਲਾਂ ਤੇ ਰਾਏਪੁਰ ਦੇ ਵਿਚਕਾਰ ਵਾਪਰੇ ਇੱਕ ਸੜਕ ਹਾਦਸੇ ਵਿੱਚ 20 ਸਾਲਾ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ।
ਮਕਸੂਦਾਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਮ੍ਰਿਤਕ ਨੌਜਵਾਨ ਪ੍ਰਭਜੋਤ ਸਿੰਘ ਹੋਠੀ ਦੇ ਪਿਤਾ ਪਿਆਰਦੀਪ ਸਿੰਘ ਹੋਠੀ ਬਾਸੀ ਰਾਏਪੁਰ ਰਸੂਲਪੁਰ ਨੇ ਕਿਹਾ ਕਿ ਉਸ ਦਾ ਲੜਕਾ ਪ੍ਰਭਜੋਤ ਕਿਸ਼ਨਗੜ੍ਹ ਤੋਂ ਆਪਣੀ ਐਕਟਿਵਾ ‘ਤੇ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਜਸਕਰਨ ਕੋਲਡ ਸਟੋਰ ਦੇ ਸਾਹਮਣੇ ਰਾਏਪੁਰ ਵੱਲੋਂ ਗਲਤ ਸਾਈਡ ਆ ਰਹੀ ਇੱਕ ਤੇਜ਼ ਰਫਤਾਰ ਅਣਪਛਾਤੀ ਗੱਡੀ ਨੇ ਉਸਦੀ ਐਕਟਿਵਾ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਉਸ ਦੇ ਸਿਰ ਤੇ ਮੂੰਹ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਸੜਕ ਵਿਚਾਰ ਖੂਨ ਨਾਲ ਲੱਥਪੱਥ ਡਿੱਗ ਪਿਆ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਟੱਕਰ ਮਾਰਨ ਉਪਰੰਤ ਗੱਡੀ ਚਾਲਕ ਨੇ ਗੱਡੀ ਉਥੋਂ ਮੋੜ ਕੇ ਸੜਕ ਵਿਚਕਾਰ ਬਣੇ ਡਿਵਾਈਡਰਾਂ ਤੋਂ ਦੂਸਰੀ ਸਾਈਡ ਲੰਘਾ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਲੰਘ ਰਹੇ ਰਾਹੀਗਰਾਂ ਨੇ ਉਸਦੇ ਡਿੱਗੀ ਵਿੱਚ ਪਈ ਬੈਂਕ ਖਾਤੇ ਦੀ ਕਾਪੀ ਤੋਂ ਐਡਰੈਸ ਦੇਖ ਕੇ ਪਿੰਡ ਦੇ ਕਿਸੇ ਵਿਅਕਤੀ ਨੂੰ ਸੂਚਿਤ ਕੀਤਾ ਤਾਂ ਉਸ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੱਤੀ। ਪਿਆਰਦੀਪ ਸਿੰਘ ਹੋਠੀ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਦੋਸ਼ ਲਗਾਇਆ ਹੈ ਕਿ ਸਾਡੀ ਉਹਨਾਂ ਨਾਲ ਰੰਜਿਸ਼ ਚੱਲਦੀ ਹੈ ਉਨ੍ਹਾਂ ਨੇ ਪਹਿਲਾਂ ਵੀ ਮੇਰੇ ਪੁੱਤਰ ਤੇ ਦੋ ਤਿੰਨ ਵਾਰ ਗੱਡੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹੀ ਮੇਰੇ ਪੁੱਤ ਨੂੰ ਗੱਡੀ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ।
ਉਸ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਗਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਆਪਣੇ ਪੁੱਤਰ ਦਾ ਉਦੋਂ ਤੱਕ ਸਸਕਾਰ ਨਹੀਂ ਕਰਨਗੇ । ਇਸ ਮਾਮਲੇ ਸੰਬੰਧੀ ਥਾਣਾ ਮਕਸੂਦਾਂ ਦੇ ਐੱਸਐੱਚਓ ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ। ਜਾਂਚ ਪੜਤਾਲ ਦੌਰਾਨ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।