ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਮੇਲ)- ਵਿਦੇਸ਼ ਅੰਦਰ ਵੱਸਦੇ ਇਕ ਪਰਿਵਾਰ ਦੇ ਬੱਚੇ ਕਾਕਾ ਰਾਜਬੀਰ ਸਿੰਘ ਦੀ ਅਵਾਜ਼ ਮੁੜ ਪਰਤਣ ‘ਤੇ ਪਰਿਵਾਰ ਵੱਲੋਂ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰੈਕਟਰ ਭੇਟ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ। 10 ਸਾਲ ਦਾ ਕਾਕਾ ਰਾਜਬੀਰ ਸਿੰਘ ਜੋ ਬੋਲ ਨਹੀਂ ਸਕਦਾ ਸੀ, ਦੇ ਪਰਿਵਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ। ਬੱਚੇ ਦੀ ਅਵਾਜ਼ ਵਾਪਸ ਆਉਣ ‘ਤੇ ਪਰਿਵਾਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ।
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਕਾਕਾ ਰਾਜਬੀਰ ਸਿੰਘ ਅਤੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੱਲ ਕਰਦਿਆਂ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੀ ਮਨੁੱਖਤਾ ਲਈ ਅਧਿਆਤਮਿਕ ਦਾ ਕੇਂਦਰ ਹੈ, ਜਿਥੋਂ ਅਨੇਕਾਂ ਪਰਿਵਾਰਾਂ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਕਾ ਰਾਜਬੀਰ ਸਿੰਘ ਜੋ ਬੋਲ ਨਹੀਂ ਸਕਦਾ ਸੀ, ‘ਤੇ ਵੀ ਗੁਰੂ ਪਾਤਸ਼ਾਹ ਦੀ ਰਹਿਮਤ ਹੋਈ ਹੈ, ਜਿਸ ਦੇ ਸ਼ੁਕਰਾਨੇ ਵਜੋਂ ਅੱਜ ਪਰਿਵਾਰ ਨੇ ਟਰੈਕਟਰ ਭੇਟ ਕਰਕੇ ਸ਼ਰਧਾ ਪ੍ਰਗਟਾਈ ਹੈ।