#PUNJAB

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਦਿਹਾਂਤ

-ਅਮਰੀਕਾ ‘ਚ ਪਰਿਵਾਰ ਕੋਲ ਲਏ ਆਖ਼ਰੀ ਸਾਹ
ਮੁੱਲਾਂਪੁਰ-ਦਾਖਾ, 16 ਜਨਵਰੀ (ਪੰਜਾਬ ਮੇਲ)- ਜਵਾਨੀ ਤੋਂ ਲੈ ਕੇ ਪੰਥਕ ਤੇ ਪੰਜਾਬ ਹਿਤੈਸ਼ੀ ਲੋਕ ਲਹਿਰਾਂ ਨਾਲ ਜੁੜੇ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਆਗੂ ਬਾਪੂ ਸੂਰਤ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ ਹਨ। ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਵੱਲੋਂ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਅਮਰੀਕਾ ‘ਚ ਅਕਾਲ ਚਲਾਣਾ ਕਰ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਰੋਸ ਵਜੋਂ ਅਧਿਆਪਕ ਦੀ ਨੌਕਰੀ ਛੱਡ ਕੇ ਯੂਨਾਈਟਿਡ ਅਕਾਲੀ ਦਲ ਨਾਲ ਜੁੜੇ ਬਾਪੂ ਸੂਰਤ ਸਿੰਘ ਖ਼ਾਲਸਾ ਨੇ ਲੰਮਾ ਸਮਾਂ ਪਾਰਟੀ ‘ਚ ਸਕੱਤਰ ਤੇ ਮੁੱਖ ਬੁਲਾਰੇ ਵਜੋਂ ਸੇਵਾਵਾਂ ਨਿਭਾਈਆਂ। ਸਜ਼ਾ ਪੂਰੀ ਕਰ ਚੁੱਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੇ ਪੁਸ਼ਤੈਨੀ ਘਰ ਹਸਨਪੁਰ (ਲੁਧਿਆਣਾ) ਤੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਜਬਰੀ ਚੁੱਕ ਕੇ ਲੁਧਿਆਣਾ ਦੇ ਦਯਾਨੰਦ ਹਸਪਤਾਲ ‘ਚ ਕਈ ਵਰ੍ਹੇ ਬੰਦੀ ਬਣਾਈ ਰੱਖਿਆ।
ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਦੀ ਅਗਵਾਈ ਹੇਠ ਮੋਹਾਲੀ ਕੌਮੀ ਇਨਸਾਫ਼ ਮੋਰਚੇ ‘ਚ ਬੈਠਣ ਦੀ ਜਦੋਂ ਭਾਈ ਸੂਰਤ ਸਿੰਘ ਖ਼ਾਲਸਾ ਨੇ ਪੇਸ਼ਕਸ਼ ਕੀਤੀ ਤਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੀਜ਼ਾ ਤੱਕ ਲਗਵਾ ਕੇ ਮਈ 2024 ‘ਚ ਸੂਰਤ ਸਿੰਘ ਖ਼ਾਲਸਾ ਨੂੰ ਦਿੱਲੀ ਹਵਾਈ ਅੱਡੇ ਤੋਂ ਅਮਰੀਕਾ ਰਵਾਨਾ ਕਰ ਦਿੱਤਾ। 7 ਸਮੁੰਦਰ ਪਾਰ ਅਕਾਲ ਚਲਾਣਾ ਕਰ ਗਏ ਬਾਪੂ ਸੂਰਤ ਸਿੰਘ ਦਾ ਸੰਸਕਾਰ ਤੇ ਅੰਗੀਠਾ ਉਥੇ ਹੀ ਸੰਭਾਲਿਆ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਰਤ ਸਿੰਘ ਖ਼ਾਲਸਾ ਨਮਿਤ ਭੋਗ ਤੇ ਸ਼ਰਧਾਂਜਲੀਆਂ ਲਈ ਉਨ੍ਹਾਂ ਦੇ ਨਿਵਾਸ ਹਸਨਪੁਰ ਵਿਖੇ ਪ੍ਰੋਗਰਾਮ ਉਲੀਕੇ ਜਾਣ ਨੂੰ ਲੈ ਕੇ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ, ਪ੍ਰਧਾਨ ਮੋਹਕਮ ਸਿੰਘ ਵੱਲੋਂ ਪਾਰਟੀ ਦੇ ਕੋਰ ਕਮੇਟੀ ਮੈਂਬਰਾਂ ਨਾਲ ਚੰਡੀਗੜ੍ਹ ‘ਚ ਮੀਟਿੰਗ ਬੁਲਾ ਲਈ ਗਈ ਹੈ।
ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਦੁੱਖ ਪ੍ਰਗਟ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਬਾਪੂ ਸੂਰਤ ਸਿੰਘ ਦਾ ਸੰਘਰਸ਼ਸ਼ੀਲ ਜੀਵਨ ਸਦਾ ਚੇਤੇ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਬਾਪੂ ਸੂਰਤ ਸਿੰਘ ਪੰਥਕ ਜਜ਼ਬੇ ਦੀ ਮਿਸਾਲ ਸਨ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬੰਦੀ ਸਿੰਘ ਦੀ ਰਿਹਾਈ ਦੇ ਲੇਖੇ ਲਾਇਆ ਤੇ ਆਪਣਾ ਸੰਘਰਸ਼ ਪੂਰੀ ਦ੍ਰਿੜ੍ਹਤਾ ਨਾਲ ਲੜਿਆ।