#OTHERS

ਬੰਗਲਾਦੇਸ਼ ਦੇ ਹਿੰਸਾ ਪੀੜਤਾਂ ਲਈ ਫਾਊਂਡੇਸ਼ਨ ਬਣਾਏਗੀ ਅੰਤਰਿਮ ਸਰਕਾਰ

ਢਾਕਾ, 22 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੁੱਖ ਸਲਾਹਕਾਰ ਪ੍ਰੋ. ਮੁਹੰਮਦ ਯੂਨਸ ਦੀ ਪ੍ਰਧਾਨਗੀ ਹੇਠ ਇਕ ਫਾਊਂਡੇਸ਼ਨ ਸਥਾਪਤ ਕਰੇਗੀ, ਜੋ ਉਨ੍ਹਾਂ ਜ਼ਖ਼ਮੀਆਂ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਦੀ ਸੰਭਾਲ ਕਰੇਗੀ, ਜਿਨ੍ਹਾਂ ਦੇਸ਼ ਵਿਚ ਹੋਏ ਰੋਸ ਮੁਜ਼ਾਹਰਿਆਂ ‘ਚ ਹਿੱਸਾ ਲਿਆ ਅਤੇ ਜਿਸ ਕਾਰਨ ਸ਼ੇਖ਼ ਹਸੀਨਾ ਸਰਕਾਰ ਡਿੱਗ ਗਈ ਸੀ। ਸਰਕਾਰੀ ਨੌਕਰੀਆਂ ‘ਚ ਵਿਵਾਦਿਤ ਰਾਖਵਾਂਕਰਨ ਪ੍ਰਣਾਲੀ ਖ਼ਿਲਾਫ਼ ਜੁਲਾਈ ‘ਚ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰਿਆਂ ‘ਚ 44 ਪੁਲਿਸ ਮੁਲਾਜ਼ਮਾਂ ਸਮੇਤ 600 ਤੋਂ ਵੱਧ ਲੋਕ ਮਾਰੇ ਗਏ ਸਨ। ਬੰਗਲਾਦੇਸ਼ ਦੀ ਸਰਕਾਰ ਦੇ ਮੁੱਖ ਸਲਾਹਕਾਰ ਦੇ ਅਧਿਕਾਰਤ ‘ਐਕਸ’ ਹੈਂਡਲ ਅਨੁਸਾਰ, ‘ਸਰਕਾਰ ਨੇ ਜੁਲਾਈ-ਅਗਸਤ 2024 ‘ਚ ਵਿਦਿਆਰਥੀਆਂ ਦੀ ਅਗਵਾਈ ਹੇਠਲੀ ਕ੍ਰਾਂਤੀ ‘ਚ ਹਿੱਸਾ ਲੈਣ ਵਾਲੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਲਈ ਇਕ ਫਾਊਂਡੇਸ਼ਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।’
ਸ਼ੇਖ਼ ਹਸੀਨਾ ਖ਼ਿਲਾਫ਼ 9 ਸ਼ਿਕਾਇਤਾਂ ਦਰਜ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ‘ਚ 9 ਹੋਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 23 ਹੋਰਾਂ ‘ਤੇ ਮਈ 2013 ‘ਚ ਇਕ ਇਸਲਾਮੀ ਗਰੁੱਪ ਦੀ ਰੈਲੀ ਦੌਰਾਨ ਮਨੁੱਖਤਾ ਖ਼ਿਲਾਫ਼ ਅਪਰਾਧ ਕਰਨ ਤੇ ਕਤਲੇਆਮ ਕਰਨ ਦਾ ਦੋਸ਼ ਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸ਼ਿਕਾਇਤਾਂ ਸੁਪਰੀਮ ਕੋਰਟ ਦੇ ਵਕੀਲ ਗਾਜ਼ੀ ਐੱਮ.ਐੱਚ. ਤਾਹਿਮ ਨੇ ਹਿਫਾਜ਼ਤ-ਏ-ਇਸਲਾਮ ਦੇ ਜੁਆਇੰਟ ਸਕੱਤਰ ਜਨਰਲ ਮੁਫ਼ਤੀ ਹਰੂਨ ਇਜਾਹਰ ਚੌਧਰੀ ਵੱਲੋਂ ਦਰਜ ਕਰਵਾਈਆਂ ਹਨ।’