#OTHERS

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫ਼ਾ; ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ

-ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ
ਢਾਕਾ/ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਸਰਕਾਰੀ ਨੌਕਰੀਆਂ ‘ਚ ਵਿਵਾਦਿਤ ਰਾਖਵੇਂਕਰਨ ਖਿਲਾਫ਼ ਦੇਸ਼ ਭਰ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਫੌਜ ਤੇ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਉਧਰ ਹਸੀਨਾ ਦੇਸ਼ ਛੱਡ ਕੇ ਨਵੀਂ ਦਿੱਲੀ ਪਹੁੰਚ ਗਈ ਹੈ। ਉਨ੍ਹਾਂ ਦਾ ਜਹਾਜ਼ ਭਾਰਤੀ ਹਵਾਈ ਸੈਨਾ ਦੇ ਹਿੰਡਨ ਏਅਰ ਬੇਸ ਉੱਤੇ ਉਤਰਿਆ। ਬੰਗਲਾਦੇਸ਼ ਵਿਚ ਪ੍ਰਦਰਸ਼ਨਾਂ ਦੇ ਬੀਤੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮ੍ਰਿਤਕਾਂ ਵਿਚ ਪੁਲਿਸ ਮੁਲਾਜ਼ਮ ਅਤੇ ਸੱਤਾਧਾਰੀ ਅਵਾਮੀ ਲੀਗ ਦੇ ਆਗੂ ਤੇ ਕਾਰਕੁਨ ਵੀ ਸ਼ਾਮਲ ਹਨ। ਉਧਰ, ਦਿੱਲੀ ਪੁਲਿਸ ਨੇ ਇਥੇ ਬੰਗਲਾਦੇਸ਼ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਬੰਗਲਾਦੇਸ਼ ਵਿਚ ਨਿੱਤ ਬਦਲਦੇ ਘਟਨਾਕ੍ਰਮ ਦਰਮਿਆਨ ਗੁਆਂਢੀ ਮੁਲਕ ਨਾਲ ਲੱਗਦੀ 4096 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਆਪਣੇ ਸਾਰੇ ਅਹਿਮ ਟਿਕਾਣਿਆਂ ਲਈ ‘ਹਾਈ ਅਲਰਟ’ ਜਾਰੀ ਕੀਤਾ ਹੈ।