#OTHERS

ਬੰਗਲਾਦੇਸ਼ ‘ਚ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਕਿਰਤ ਕਾਨੂੰਨ ਮਾਮਲੇ ‘ਚ ਦੋਸ਼ੀ ਕਰਾਰ

-6 ਮਹੀਨਿਆਂ ਦੀ ਸਜ਼ਾ
ਢਾਕਾ, 1 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਡਾਕਟਰ ਮੁਹੰਮਦ ਯੂਨਸ ਨੂੰ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਦਾਲਤ ਨੇ ਛੇ ਮਹੀਨੇ ਦੀ ਸਜ਼ਾ ਸੁਣਾਈ। ਲੇਬਰ ਕੋਰਟ ਦੀ ਜੱਜ ਸ਼ੇਖ ਮਰੀਨਾ ਸੁਲਤਾਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਸ ਦੇ ਖ਼ਿਲਾਫ਼ ਕਿਰਤ ਕਾਨੂੰਨ ਦੀ ਉਲੰਘਣਾ ਦਾ ਦੋਸ਼ ਸਾਬਤ ਹੋ ਗਿਆ ਹੈ। ਜੱਜ ਨੇ ਫੈਸਲਾ ਸੁਣਾਇਆ ਕਿ ਯੂਨਸ ਨੂੰ ਵਪਾਰਕ ਕੰਪਨੀ ਦੇ ਤਿੰਨ ਹੋਰ ਅਧਿਕਾਰੀਆਂ ਦੇ ਨਾਲ ਗ੍ਰਾਮੀਣ ਟੈਲੀਕਾਮ ਦੇ ਚੇਅਰਮੈਨ ਵਜੋਂ ਕਾਨੂੰਨ ਦੀ ਉਲੰਘਣਾ ਕਰਨ ਲਈ ਛੇ ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਕੱਟਣੀ ਪਵੇਗੀ। ਫੈਸਲਾ ਸੁਣਾਏ ਜਾਣ ਸਮੇਂ 83 ਸਾਲਾ ਯੂਨਸ ਅਦਾਲਤ ਵਿਚ ਮੌਜੂਦ ਸੀ। ਜੱਜ ਨੇ ਹਰੇਕ ਦੋਸ਼ੀ 25,000 ਟਕਾ ਜੁਰਮਾਨਾ ਵੀ ਕੀਤਾ ਹੈ ਤੇ ਕਿਹਾ ਕਿ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ 10 ਦਿਨ ਹੋਰ ਜੇਲ੍ਹ ਵਿਚ ਕੱਟਣੇ ਪੈਣਗੇ। ਟਕਾ ਬੰਗਲਾਦੇਸ਼ ਦੀ ਮੁਦਰਾ ਹੈ। ਫੈਸਲੇ ਦੇ ਤੁਰੰਤ ਬਾਅਦ ਯੂਨਸ ਅਤੇ ਤਿੰਨ ਹੋਰਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ। ਜੱਜ ਨੇ ਉਨ੍ਹਾਂ ਨੂੰ 5,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਇਕ ਮਹੀਨੇ ਦੀ ਜ਼ਮਾਨਤ ਦੇ ਦਿੱਤੀ। ਕਾਨੂੰਨ ਤਹਿਤ ਯੂਨਸ ਅਤੇ ਤਿੰਨ ਹੋਰ ਫੈਸਲੇ ਖ਼ਿਲਾਫ਼ ਉੱਚ ਅਦਾਲਤ ਵਿਚ ਅਪੀਲ ਕਰ ਸਕਦੇ ਹਨ। ਯੂਨਸ ਨੂੰ ਗ੍ਰਾਮੀਣ ਬੈਂਕ ਰਾਹੀਂ ਗਰੀਬੀ ਵਿਰੋਧੀ ਮੁਹਿੰਮ ਲਈ 2006 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।