#EUROPE

ਬ੍ਰਿਟੇਨ ‘ਚ 5 ਭਾਰਤੀਆਂ ਨੂੰ ਭਾਰਤੀ ਨੌਜਵਾਨ ਦੇ ਹੀ ਕਤਲ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ 122 ਸਾਲ ਦੀ Jail

ਲੰਡਨ, 13 ਅਪ੍ਰੈਲ (ਪੰਜਾਬ ਮੇਲ)- ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ, ਇੱਕ 23 ਸਾਲਾ ਡਿਲੀਵਰੀ ਡਰਾਈਵਰ ਜੋ ਕਿ ਭਾਰਤੀ ਮੂਲ ਦਾ ਹੀ ਸੀ, ਦੇ ਕਤਲ ਦਾ ਦੋਸ਼ੀ ਪਾਏ ਜਾਣ ‘ਤੇ ਕੁੱਲ 122 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ਵਿਚ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਦੇ ਬਰਵਿਕ ਐਵੇਨਿਊ ਖੇਤਰ ਵਿਚ ਇੱਕ ਹਮਲੇ ਦੀ ਸੂਚਨਾ ਮਿਲਣ ‘ਤੇ ਮੌਕੇ ਪੁੱਜੀ ਸਥਾਨਕ ਵੈਸਟ ਮਰਸੀਆ ਪੁਲਿਸ ਨੇ ਓਰਮਨ ਸਿੰਘ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸ਼ਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿਚ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਹਮਲੇ ਵਿਚ ਮਦਦ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।