#EUROPE

ਬ੍ਰਿਟੇਨ ‘ਚ ਨਸਲੀ ਹਮਲੇ ‘ਚ ਭਾਰਤੀ ਮੂਲ ਦੀ ਨੌਜਵਾਨ ਸਿੱਖ ਮਹਿਲਾ ਨਾਲ ਜਬਰ-ਜਨਾਹ

ਲੰਡਨ, 27 ਅਕਤੂਬਰ (ਪੰਜਾਬ ਮੇਲ)- ਬਰਤਾਨਵੀ ਪੁਲਿਸ ਨੇ ਉੱਤਰੀ ਇੰਗਲੈਂਡ ‘ਚ 20 ਸਾਲ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ ਜਨਾਹ ਦੀ ਘਟਨਾ ਮਗਰੋਂ ਮਸ਼ਕੂਕ ਦੀ ਪੈੜ ਨੱਪਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਮਹਿਲਾ ਭਾਰਤੀ ਮੂਲ ਦੀ ਹੈ।
‘ਵੈਸਟ ਮਿਡਲੈਂਡਜ਼ ਪੁਲਿਸ’ ਮੁਤਾਬਕ ਉਸ ਨੂੰ ਸ਼ਨਿੱਚਰਵਾਰ ਸ਼ਾਮ ਨੂੰ ‘ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿਚ ਸੜਕ ‘ਤੇ ਇਕ ਮਹਿਲਾ ਦੇ ਸੰਕਟ ਵਿਚ ਹੋਣ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੇ ਮਸ਼ਕੂਕ ਦੀ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਨੂੰ ‘ਨਸਲੀ ਅਪਰਾਧ’ ਮੰਨਿਆ ਜਾ ਰਿਹਾ ਹੈ।
ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸੁਪਰਡੈਂਟ (ਡੀ.ਐੱਸ.) ਰੌਨਨ ਟਾਇਰਰ ਨੇ ਕਿਹਾ, ”ਇਹ ਨੌਜਵਾਨ ਮਹਿਲਾ ‘ਤੇ ਬੇਹੱਦ ਭਿਆਨਕ ਹਮਲਾ ਸੀ। ਅਸੀਂ ਮੁਲਜ਼ਮ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਟੀਮ ਸਬੂਤ ਇਕੱਤਰ ਕਰ ਰਹੀ ਹੈ ਤੇ ਮੁਲਜ਼ਮ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਤਾਂ ਕਿ ਜਲਦੀ ਹੀ ਉਸ ਨੂੰ ਹਿਰਾਸਤ ਵਿਚ ਲਿਆ ਜਾ ਸਕੇ।” ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਉਸ ਵੇਲੇ ਇਲਾਕੇ ਵਿਚ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਜਾਂ ਉਨ੍ਹਾਂ ਕੋਲ ਕੋਈ ਸੀ.ਸੀ.ਟੀ.ਵੀ. ਫੁਟੇਜ ਹੋਵੇ, ਤਾਂ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ। ਪੁਲਿਸ ਮੁਤਾਬਕ ਹਮਲਾਵਰ ਦੀ ਉਮਰ ਕਰੀਬ 30 ਸਾਲ ਹੈ। ਉਸ ਦਾ ਰੰਗ ਗੋਰਾ ਤੇ ਛੋਟੇ ਵਾਲ ਹਨ। ਹਮਲੇ ਮੌਕੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ।
ਸਥਾਨਕ ਭਾਈਚਾਰੇ ਦਾ ਕਹਿਣਾ ਹੈ ਕਿ ਪੀੜਤਾ ਪੰਜਾਬੀ ਮੂਲ ਦੀ ਮਹਿਲਾ ਹੈ। ਇਹ ਘਟਨਾ ਅਜਿਹੇ ਮੌਕੇ ਸਾਹਮਣੇ ਆਈ ਹੈ, ਜਦੋਂ ਕੁਝ ਹਫ਼ਤੇ ਪਹਿਲਾਂ ਨੇੜਲੇ ਓਲਡਬਰੀ ਖੇਤਰ ਵਿਚ ਇਕ ਬ੍ਰਿਟਿਸ਼ ਸਿੱਖ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਡੀ.ਐੱਸ. ਟਾਇਰਰ ਨੇ ਕਿਹਾ ਕਿ ਫ਼ਿਲਹਾਲ ਦੋਵਾਂ ਮਾਮਲਿਆਂ ਨੂੰ ਆਪਸ ਵਿਚ ਨਹੀਂ ਜੋੜਿਆ ਗਿਆ ਹੈ। ਵਾਲਸਾਲ ਪੁਲਿਸ ਦੇ ‘ਚੀਫ ਸੁਪਰਡੈਂਟ’ ਫਿਲ ਡੌਲਬੀ ਨੇ ਕਿਹਾ ਕਿ ਭਾਈਚਾਰਾ ਡਰ ਤੇ ਸਹਿਮ ਵਿਚ ਹੈ। ਲਿਹਾਜ਼ਾ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ। ‘ਸਿੱਖ ਫੈਡਰੇਸ਼ਨ ਯੂ.ਕੇ.’ ਨੇ ਦੱਸਿਆ ਕਿ ਵਾਲਸਾਲ ਦੀ ਪੀੜਤਾ ਪੰਜਾਬੀ ਮਹਿਲਾ ਹੈ ਤੇ ਮੁਲਜ਼ਮ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ।