#EUROPE

ਬ੍ਰਿਟੇਨ ‘ਚ ਜਲਦੀ ਚੋਣਾਂ ਕਰਾਉਣ ਦੇ ਐਲਾਨ ਨਾਲ ਮੁਸੀਬਤ ‘ਚ ਸੁਨਕ ਦੀ ਪਾਰਟੀ

ਲੰਡਨ, 27 ਮਈ (ਪੰਜਾਬ ਮੇਲ)-  ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੁਆਰਾ ਇਸ ਸਾਲ ਛੇਤੀ ਚੋਣਾਂ ਕਰਵਾਉਣ ਦੇ ਫ਼ੈਸਲੇ ‘ਤੇ ਆਬਜ਼ਰਵਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਸੁਨਕ ਦੀ ਕੰਜ਼ਰਵੇਟਿਵ ਪਾਰਟੀ ਜਨਤਕ ਰਾਏ ਪੋਲਾਂ ਵਿਚ ਵਿਰੋਧੀ ਲੇਬਰ ਪਾਰਟੀ ਤੋਂ ਪਛੜ ਰਹੀ ਹੈ। ਬੀਤੇ ਦਿਨੀਂ 10 ਡਾਊਨਿੰਗ ਸਟ੍ਰੀਟ ਸਥਿਤ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸੁਨਕ ਨੇ ਕਿਹਾ ਕਿ ਆਮ ਚੋਣਾਂ 4 ਜੁਲਾਈ ਨੂੰ ਹੋਣਗੀਆਂ। ਉਨ੍ਹਾਂ ਨੇ ਅਚਾਨਕ ਮੀਂਹ ਵਿਚਕਾਰ ਸਿਰਫ਼ ਸੱਤ ਮਿੰਟ ਲਈ ਭਾਸ਼ਣ ਦਿੱਤਾ। ਨੇੜੇ ਹੀ ਉਸ ਦਾ ਵਿਰੋਧ ਕਰ ਰਹੇ ਲੋਕ ਲੇਬਰ ਪਾਰਟੀ ਦੀ 1997 ਦੀ ਚੋਣ ਮੁਹਿੰਮ ਦਾ ਗੀਤ – ਥਿੰਗਸ ਕੈਨ ਓਨਲੀ ਗੈੱਟ ਬੈਟਰ ਗਾ ਰਹੇ ਸਨ।
ਓਪੀਨੀਅਨ ਪੋਲ ਵਿਚ ਕੰਜ਼ਰਵੇਟਿਵ ਪਾਰਟੀ ਲੇਬਰ ਪਾਰਟੀ ਤੋਂ ਵੀਹ ਅੰਕ ਪਿੱਛੇ ਹੈ। ਬ੍ਰਿਟਿਸ਼ ਕਾਨੂੰਨ ਤਹਿਤ ਸੁਨਕ ਜਨਵਰੀ 2025 ਤੱਕ ਆਮ ਚੋਣਾਂ ਕਰਵਾ ਸਕਦਾ ਸੀ। ਉਸ ਦੀ 18 ਮਹੀਨੇ ਪੁਰਾਣੀ ਸਰਕਾਰ ਕੋਲ ਕਹਿਣ ਲਈ ਜ਼ਿਆਦਾ ਕੁਝ ਵੀ ਨਹੀਂ ਹੈ। ਸ਼ਾਇਦ ਸਰਕਾਰ ਦਾ ਮੰਨਣਾ ਹੈ ਕਿ ਆਰਥਿਕਤਾ ਅਤੇ ਮਹਿੰਗਾਈ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। ਪਿਛਲੇ ਹਫ਼ਤੇ ਮਹਿੰਗਾਈ ਤਿੰਨ ਸਾਲਾਂ ਵਿਚ ਸਭ ਤੋਂ ਘੱਟ ਸੀ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਲਈ ਚੋਣ ਮੁਕਾਬਲਾ ਉਸ ਦੇ 14 ਸਾਲਾਂ ਦੇ ਸੱਤਾ
‘ਤੇ ਜਨਮਤ ਸੰਗ੍ਰਹਿ ਹੋਵੇਗਾ। ਪਾਰਟੀ ਅੰਦਰ ਨਿਰਾਸ਼ਾ ਦਾ ਮਾਹੌਲ ਹੈ। ਪਾਰਟੀ ਦੇ 65 ਮੌਜੂਦਾ ਸੰਸਦ ਮੈਂਬਰਾਂ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ।