#EUROPE

ਬ੍ਰਿਟਿਸ਼ ਸਰਕਾਰਾ ਵੱਲੋਂ ‘ਬ੍ਰਿਟਿਸ਼ ਐੱਫ.ਬੀ.ਆਈ.’ ਬਣਾਉਣ ਦੀ ਤਿਆਰੀ

ਲੰਡਨ, 26 ਜਨਵਰੀ (ਪੰਜਾਬ ਮੇਲ)- ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਇਕ ਨਵਾਂ ਕੌਮੀ ਪੁਲਿਸ ਬਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰੇਗੀ, ਜਿਸ ਨੂੰ ‘ਬ੍ਰਿਟਿਸ਼ ਐੱਫ.ਬੀ.ਆਈ.’ ਕਿਹਾ ਜਾਵੇਗਾ। ਇਹ ਪੁਲਿਸ ਬਲ ਅੱਤਵਾਦ ਵਿਰੋਧੀ, ਧੋਖਾਧੜੀ, ਆਨਲਾਈਨ ਬਾਲ ਸ਼ੋਸ਼ਣ ਅਤੇ ਅਪਰਾਧਿਕ ਗਿਰੋਹਾਂ ਵਰਗੀਆਂ ਗੁੰਝਲਦਾਰ ਜਾਂਚਾਂ ਦੀ ਜ਼ਿੰਮੇਵਾਰੀ ਸੰਭਾਲੇਗਾ।
ਰਾਸ਼ਟਰੀ ਪੁਲਿਸ ਸੇਵਾ ਅੱਤਵਾਦ ਅਤੇ ਅਪਰਾਧ ਨਾਲ ਨਜਿੱਠਣ ਵਾਲੀਆਂ ਮੌਜੂਦਾ ਏਜੰਸੀਆਂ, ਪੁਲਿਸ ਹੈਲੀਕਾਪਟਰਾਂ ਅਤੇ ਸੜਕਾਂ ਦੀ ਪੁਲੀਸਿੰਗ ਅਤੇ ਇੰਗਲੈਂਡ ਅਤੇ ਵੇਲਜ਼ ਵਿਚ ਖੇਤਰੀ ਸੰਗਠਿਤ ਅਪਰਾਧ ਇਕਾਈਆਂ ਦੇ ਕੰਮ ਨੂੰ ਇੱਕੋ ਛਤਰੀ ਹੇਠ ਲਿਆਏਗੀ। ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਨਵੀਂ ਸੰਸਥਾ ਇੰਗਲੈਂਡ ਅਤੇ ਵੇਲਜ਼ ਵਿਚ 43 ਸਥਾਨਕ ਪੁਲਿਸ ਬਲਾਂ ‘ਤੇ ਬੋਝ ਨੂੰ ਘਟਾਏਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਅਧਿਕਾਰ ਖੇਤਰਾਂ ਵਿਚ ਰੋਜ਼ਾਨਾ ਹੋਣ ਵਾਲੇ ਅਪਰਾਧਾਂ ‘ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲੇਗੀ।
ਮਹਿਮੂਦ ਨੇ ਕਿਹਾ, ”ਕੁਝ ਸਥਾਨਕ ਬਲਾਂ ਕੋਲ ਧੋਖਾਧੜੀ, ਆਨਲਾਈਨ ਬਾਲ ਸ਼ੋਸ਼ਣ ਜਾਂ ਸੰਗਠਿਤ ਅਪਰਾਧਿਕ ਗਰੋਹਾਂ ਵਰਗੇ ਗੁੰਝਲਦਾਰ ਆਧੁਨਿਕ ਅਪਰਾਧਾਂ ਨਾਲ ਲੜਨ ਲਈ ਲੋੜੀਂਦੇ ਹੁਨਰ ਜਾਂ ਸਰੋਤਾਂ ਦੀ ਘਾਟ ਹੈ।” ਉਨ੍ਹਾਂ ਕਿਹਾ ਕਿ ਮੌਜੂਦਾ ਮਾਡਲ ‘ਇੱਕ ਵੱਖਰੀ ਸਦੀ ਲਈ ਬਣਾਇਆ ਗਿਆ ਸੀ’। ਉਨ੍ਹਾਂ ਕਿਹਾ ਕਿ ਨਵੀਂ ਸੰਸਥਾ ‘ਆਲਮੀ ਪ੍ਰਤਿਭਾ’ ਨੂੰ ਆਕਰਸ਼ਿਤ ਕਰੇਗੀ ਅਤੇ ਨਾਲ ਹੀ ਖਰੀਦ ਨੂੰ ਕੌਮੀ ਬਲ ਵਿਚ ਤਬਦੀਲ ਕਰਕੇ ਲਾਗਤਾਂ ਨੂੰ ਘਟਾਉਣ ਵਿਚ ਮਦਦ ਕਰੇਗੀ।