ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਭਾਰਤ ਨੂੰ ਓਲੰਪਿਕ ਵਿੱਚ ਸੋਨ ਤਮਗਾ ਦਿਵਾਉਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਵੀਰਵਾਰ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਫੈਸਲਾ ਲੈਂਦੇ ਹੋਏ ਖਿਡਾਰਨ ਬਹੁਤ ਹੀ ਭਾਵੁਕ ਹੋ ਗਈ, ਜਿਸ ਦੌਰਾਨ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਹੁਣ ਕਦੇ ਵੀ ਪਹਿਲਵਾਨੀ ਦੇ ਮੈਦਾਨ ਵਿੱਚ ਨਹੀਂ ਉਤਰੇਗੀ। ਦੱਸ ਦੇਈਏ ਕਿ ਸਾਕਸ਼ੀ ਮਲਿਕ ਦਾ ਇਹ ਐਲਾਨ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਆਇਆ ਹੈ।
ਦੁਨੀਆ ਭਰ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਸਾਕਸ਼ੀ ਮਲਿਕ ਨੇ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇਹ ਐਲਾਨ ਕੀਤਾ ਹੈ। ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੁਨੀਆ ਦੀ ਅਗਵਾਈ ‘ਚ ਕਈ ਪਹਿਲਵਾਨਾਂ ਨੇ ਕਰੀਬ ਡੇਢ ਮਹੀਨੇ ਤੱਕ ਜੰਤਰ-ਮੰਤਰ ‘ਤੇ ਧਰਨਾ ਦਿੱਤਾ। ਇਸ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਕਮੇਟੀ ਨੂੰ ਭੰਗ ਕਰ ਦਿੱਤਾ।
ਅਦਾਲਤ ਦੇ ਦਖਲ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋਈਆਂ। ਇਸ ਵਿੱਚ ਸੰਜੇ ਸਿੰਘ ਜੇਤੂ ਰਹੇ। ਵਾਰਾਣਸੀ ਦੇ ਰਹਿਣ ਵਾਲੇ ਸੰਜੇ ਸਿੰਘ ਨੇ ਆਪਣੀ ਵਿਰੋਧੀ ਅਨੀਤਾ ਸ਼ਿਓਰਨ ਨੂੰ ਹਰਾਇਆ। ਸੰਜੇ ਸਿੰਘ 2008 ਤੋਂ ਕੁਸ਼ਤੀ ਨਾਲ ਜੁੜੇ ਹੋਏ ਹਨ। ਜਦੋਂ ਬ੍ਰਿਜ ਭੂਸ਼ਣ 2009 ਵਿੱਚ ਯੂਪੀ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਤਾਂ ਸੰਜੇ ਉਪ ਪ੍ਰਧਾਨ ਸਨ। ਸਾਕਸ਼ੀ ਮਲਿਕ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਹੈ। ਉਸਨੇ 2016 ਵਿੱਚ ਰੀਓ ਡੀ ਜਨੇਰੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਾਕਸ਼ੀ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਹ ਏਸ਼ੀਅਨ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨਸ਼ਿਪ ਵਿੱਚ ਵੀ ਤਗਮੇ ਜਿੱਤ ਚੁੱਕੇ ਹਨ।