#AMERICA

ਬੋਸਟਨ ਅਤੇ ਲਾਸ ਏਂਜਲਸ ਵਿਖੇ ਦੋ ਨਵੇਂ ਕੌਂਸਲੇਟ ਖੋਲ੍ਹੇਗਾ ਭਾਰਤ

ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਦੇ ਬੋਸਟਨ ਅਤੇ ਲਾਸ ਏਂਜਲਸ ਵਿਚ ਦੋ ਨਵੇਂ ਕੌਂਸਲੇਟ ਖੋਲ੍ਹੇਗਾ, ਜੋ ਇਨ੍ਹਾਂ ਦੋ ਵੱਡੇ ਅਮਰੀਕੀ ਸ਼ਹਿਰਾਂ ਵਿਚ ਤੇਜ਼ੀ ਨਾਲ ਵਧ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ। ਬੋਸਟਨ ਨੂੰ ਅਮਰੀਕਾ ਦੀ ਸਿੱਖਿਆ ਅਤੇ ਫਾਰਮਾ ਰਾਜਧਾਨੀ ਮੰਨਿਆ ਜਾਂਦਾ ਹੈ, ਜਦੋਂ ਕਿ ਲਾਸ ਏਂਜਲਸ ਹਾਲੀਵੁੱਡ ਦਾ ਘਰ ਹੈ ਅਤੇ ਅਗਲੇ ਸਮਰ ਓਲੰਪਿਕ ਦੀ ਮੇਜ਼ਬਾਨੀ ਕਰੇਗਾ।
ਨਿਊਯਾਰਕ ਵਿਚ ਨਸਾਓ ਵੈਟਰਨਜ਼ ਕੋਲੀਜ਼ੀਅਮ ਵਿਚ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ”ਦੋਸਤੋ, ਪਿਛਲੇ ਸਾਲ ਮੈਂ ਐਲਾਨ ਕੀਤਾ ਸੀ ਕਿ ਸਾਡੀ ਸਰਕਾਰ ਸਿਆਟਲ ਵਿਚ ਇਕ ਨਵਾਂ ਕੌਂਸਲੇਟ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਹ ਹੁਣ ਸ਼ੁਰੂ ਹੋ ਗਿਆ ਹੈ। ਮੈਂ ਤੁਹਾਡੇ ਤੋਂ ਦੋ ਹੋਰ ਕੌਂਸਲੇਟਾਂ ਲਈ ਸੁਝਾਅ ਮੰਗੇ ਸਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਸੁਝਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ, ਭਾਰਤ ਨੇ ਬੋਸਟਨ ਅਤੇ ਲਾਸ ਏਂਜਲਸ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਫੈਸਲਾ ਕੀਤਾ ਹੈ।”
ਭਾਰਤ ਦੇ ਇਸ ਸਮੇਂ ਅਮਰੀਕਾ ਵਿਚ ਛੇ ਕੌਂਸਲੇਟ ਹਨ, ਜੋ ਨਿਊਯਾਰਕ, ਅਟਲਾਂਟਾ, ਸ਼ਿਕਾਗੋ, ਹਿਊਸਟਨ, ਸਾਨ ਫਰਾਂਸਿਸਕੋ ਅਤੇ ਸਿਆਟਲ ਵਿਚ ਹਨ। ਦੂਤਾਵਾਸ ਵਾਸ਼ਿੰਗਟਨ ਡੀ.ਸੀ. ਵਿਚ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦਾ ਸਥਾਈ ਮਿਸ਼ਨ ਨਿਊਯਾਰਕ ਸਿਟੀ ਵਿਚ ਸਥਿਤ ਹੈ। ਇਸ ਐਲਾਨ ਦਾ ਭਾਰਤੀ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ ਹੈ।