#PUNJAB

ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ

ਸੰਗਰੂਰ, 23 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨ੍ਹ ਲੈਕੇ ਸੰਘਰਸ਼ ਕਰਦੇ ਵੱਖ-ਵੱਖ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਆਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋ 21 ਫਰਵਰੀ ਨੂੰ ਮੁੱਖ ਮੰਤਰੀ ਦੇ ਸਕੱਤਰ ਨਾਲ ਮੀਟਿੰਗ ਦੇ ਬੇਸਿੱਟਾ ਰਹਿਣ ਕਾਰਨ ਪਹਿਲਾਂ ਹੀ ਕੀਤੇ ਐਲਾਨ ਅਨੁਸਾਰ 25 ਫਰਵਰੀ ਨੂੰ ਮੁੜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਫੈਸਲਾ ਕੀਤਾ ਗਿਆ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਬੇਰੁਜ਼ਗਾਰਾਂ ਨੂੰ ਕਾਫ਼ੀ ਉਮੀਦ ਸੀ, ਪ੍ਰੰਤੂ ਬੇਰੁਜ਼ਗਾਰਾਂ ਪੱਲੇ ਮੁੜ ਨਿਰਾਸ਼ਾ ਪਈ ਹੈ। ਬੇਰੁਜ਼ਗਾਰਾਂ ਨੇ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਭਰਤੀਆਂ ਉੱਪਰ ਉਮਰ ਹੱਦ ਛੋਟ ਦੇਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕਰਵਾਉਣ, ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਜਾਰੀ ਕਰਵਾਉਣ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦਾ ਪੇਪਰ ਕਰਵਾਉਣ, ਮਲਟੀਪਰਪਜ਼ ਹੈਲਥ ਵਰਕਰ ਦੀਆਂ ਪ੍ਰਵਾਨਤ 270 ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕਰਵਾਉਣ ਅਤੇ ਲੈਕਚਰਾਰ ਦੀ ਭਰਤੀ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਬੇਰੁਜ਼ਗਾਰ ਆਗੂਆਂ ਨੇ ਕਿਸਾਨਾਂ ਉੱਤੇ ਜ਼ਬਰ ਕਰਨ ਪਿੱਛੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ ਸ਼ੁਭਕਰਨ ਦੀ ਸ਼ਹਾਦਤ ਨੂੰ ਸਿਸਟਮ ਖਿਲਾਫ਼ ਲਾਸਾਨੀ ਕੁਰਬਾਨੀ ਆਖਿਆ। ਉਹਨਾਂ ਕਿਹਾ ਕਿ ਸੂਬੇ ਅੰਦਰ ਬੇਰੁਜ਼ਗਾਰੀ ਤੋ ਝੰਬੇ ਬੇਰੁਜ਼ਗਾਰ ਖੁਦਕੁਸ਼ੀਆ ਕਰ ਰਹੇ ਹਨ।ਸਰਕਾਰ ਰੁਜ਼ਗਾਰ ਦੇਣ ਤੋ ਹੱਥ ਪਿੱਛੇ ਖਿੱਚ ਰਹੀ ਹੈ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਦੋ ਸਾਲ ਵਿੱਚ ਇੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ।ਉੱਧਰ ਕੇਂਦਰ ਸਰਕਾਰ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਭੁੱਲ ਚੁੱਕੀ ਹੈ।
ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ 11 ਵਜੇ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਅਮਨ ਸੇਖਾ, ਲਲਿਤਾ, ਰਣਬੀਰ ਸਿੰਘ ਨਦਾਮਪੁਰ, ਸੁਖਪਾਲ ਖ਼ਾਨ ਅਤੇ ਰਿੰਕੂ ਸਿੰਘ ਆਦਿ ਹਾਜ਼ਰ ਸਨ।