#AMERICA

ਬੇਘਰੇ ਲੋਕ ਤੁਰੰਤ ਰਾਜਧਾਨੀ ਛੱਡ ਕੇ ਚਲੇ ਜਾਣ : ਡੋਨਾਲਡ ਟਰੰਪ

* ਬੇਘਰਿਆਂ ਨੂੰ ਰਾਜਧਾਨੀ ਤੋਂ ਦੂਰ ਦਿੱਤੀ ਜਾਵੇਗੀ ਜਗ੍ਹਾ
ਸੈਕਰਾਮੈਂਟੋ, 12 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰੀ ਇੱਕ ਬਿਆਨ ‘ਚ ਬੇਘਰੇ ਲੋਕਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਵਾਸ਼ਿੰਗਟਨ ਡੀ.ਸੀ. ਛੱਡ ਕੇ ਚਲੇ ਜਾਣ। ਹਾਲਾਂਕਿ ਪਿਛਲੇ ਸਾਲ ਵਾਸ਼ਿੰਗਟਨ ਡੀ.ਸੀ. ਵਿਚ ਹਿੰਸਕ ਅਪਰਾਧ ਘਟਿਆ ਹੈ ਪਰੰਤੂ ਰਾਸ਼ਟਰਪਤੀ ਨੇ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਉਹ ਇੱਕ ਯੋਜਨਾ ਉਪਰ ਕੰਮ ਕਰ ਰਹੇ ਹਨ, ਜਿਸ ਤਹਿਤ ਬੇਘਰੇ ਲੋਕਾਂ ਦੀ ਸਮੱਸਿਆ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਟਰੁੱਥ ਸੋਸ਼ਲ ਮੀਡੀਆ ਉੱਪਰ ਲਿਖਿਆ ਹੈ, ”ਬੇਘਰੇ ਲੋਕਾਂ ਨੂੰ ਤੁਰੰਤ ਸ਼ਹਿਰ ਛੱਡ ਕੇ ਜਾਣਾ ਪਵੇਗਾ, ਅਸੀਂ ਤੁਹਾਨੂੰ ਰਹਿਣ ਲਈ ਜਗ੍ਹਾ ਦੇਵਾਂਗੇ ਪਰੰਤੂ ਉਹ ਜਗ੍ਹਾ ਰਾਜਧਾਨੀ ਤੋਂ ਦੂਰ ਹੋਵੇਗੀ।” ਟਰੰਪ ਨੇ ਕਿਹਾ, ”ਉਹ ਛੇਤੀ ਇਕ ਯੋਜਨਾ ਦਾ ਐਲਾਨ ਕਰਨ ਵਾਲੇ ਹਨ, ਜਿਸ ਨਾਲ ਸ਼ਹਿਰ ਵਿਚ ਅਪਰਾਧ ਤੇ ਗੰਦਗੀ ਦੀ ਸਮੱਸਿਆ ਹੱਲ ਹੋ ਜਾਵੇਗੀ। ਸ਼ਹਿਰ ਦਾ ਆਮ ਨਵੀਨੀਕਰਣ ਹੋਵੇਗਾ ਤੇ ਸ਼ਹਿਰ ਵਿਚਲੇ ਹਾਲਾਤ ਬਦਲ ਜਾਣਗੇ, ਜੋ ਕਦੇ ਸਾਡੇ ਸੁੰਦਰ ਤੇ ਵਧੀਆ ਰੱਖ-ਰਖਾਵ  ਵਾਲੇ ਸ਼ਹਿਰ ਵਿਚ ਹੁੰਦੇ ਸਨ।” ਇੱਥੇ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਬੀਤੇ ਦਿਨੀਂ ਅਪਰਾਧ ਬਾਰੇ ਸ਼ਿਕਾਇਤ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਵਾਸ਼ਿੰਗਟਨ ਡੀ.ਸੀ. ਦੇ ਨਿਯੰਤਰਣ ਨੂੰ ਸੰਘੀ ਪ੍ਰਸ਼ਾਸਨ ਆਪਣੇ ਹੱਥ ਵਿਚ ਲੈ ਲਵੇਗਾ। ਉਨ੍ਹਾਂ ਕਿਹਾ ਸੀ, ”ਵਾਸ਼ਿੰਗਟਨ ਡੀ.ਸੀ. ਵਿਚ ਅਪਰਾਧ ਮੁਕੰਮਲ ਤੌਰ ‘ਤੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਜੇਕਰ ਇਸੇ ਤਰ੍ਹਾਂ ਹੀ ਜਾਰੀ ਰਿਹਾ, ਤਾਂ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਸ਼ਹਿਰ ਦਾ ਸੰਘੀਕਰਣ ਕਰ ਦੇਣਗੇ।” ਇਸ ਤੋਂ ਬਾਅਦ ਟਰੰਪ ਨੇ ਸ਼ਹਿਰ ਵਿਚ ਸੰਘੀ ਲਾਅ ਇਨਫੋਰਸਮੈਂਟ ਅਫਸਰਾਂ ਦੀ ਹਾਜ਼ਰੀ ਵਧਾਉਣ ਦਾ ਆਦੇਸ਼ ਦਿੱਤਾ ਸੀ।