ਬੇਕਰਜ਼ਫੀਲਡ, ਕੈਲੀਫੋਰਨੀਆ, 10 ਜੁਲਾਈ (ਪੰਜਾਬ ਮੇਲ)- ਕਰਨ ਕਾਊਂਟੀ ਦੀ ਅਦਾਲਤ ਨੇ ਸਾਲ 2018 ਵਿੱਚ ਇੱਕ ਨਵਜੰਮੇ ਬੱਚੇ ਦੀ ਮੌਤ ਅਤੇ ਉਸ ਦੀ ਲਾਸ਼ ਘਰ ਦੇ ਪਿਛਲੇ ਵਿਹੜੇ ਵਿੱਚ ਦਫ਼ਨਾਉਣ ਦੇ ਮਾਮਲੇ ਵਿੱਚ ਆਖਰੀ ਦੋਸ਼ੀ ਬਖਸ਼ਿੰਦਰਪਾਲ ਸਿੰਘ ਮਾਨ ਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਾਨ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਦੋਸ਼ਾਂ ਦਾ ਵਿਰੋਧ ਨਾ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਅਦਾਲਤ ਨੇ ਉਸ ਨੂੰ ਪਹਿਲਾਂ ਜੇਲ੍ਹ ਵਿੱਚ ਬਿਤਾਏ ਸਮੇਂ ਦਾ ਕਰੈਡਿਟ ਵੀ ਦਿੱਤਾ ਹੈ। ਕੈਨੇਡੀਅਨ ਅਧਿਕਾਰੀਆਂ ਨੇ ਉਸ ਨੂੰ 2021 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸਰਕਾਰੀ ਵਕੀਲਾਂ ਅਨੁਸਾਰ ਬੱਚੇ ਦੀ ਨਾਨੀ ਬੇਅੰਤ ਕੌਰ ਢਿੱਲੋਂ ਨੇ ਨਵੰਬਰ 2018 ਵਿੱਚ ਬੱਚੇ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਸੀ। ਜਾਂਚ ਦੌਰਾਨ ਉਸ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਉਸ ਨੂੰ ਡਰ ਸੀ ਕਿ ਉਸ ਦੀ ਅਣਵਿਆਹੀ ਨਾਬਾਲਗ ਧੀ ਦੀ ਗਰਭਵਤੀ ਹੋਣ ਦੀ ਗੱਲ ਨਾਲ ਪਰਿਵਾਰ ਦੀ ਬਦਨਾਮੀ ਹੋਵੇਗੀ। ਬੇਅੰਤ ਕੌਰ ਨੂੰ 2021 ਵਿੱਚ 25 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਗਈ ਸੀ।
ਬੱਚੇ ਦੇ ਨਾਨਾ ਜਗਸੀਰ ਸਿੰਘ ਉੱਤੇ ਵੀ ਅਪਰਾਧੀ ਦੀ ਮਦਦ ਕਰਨ, ਬੱਚੇ ਨਾਲ ਦੁਰਵਿਵਹਾਰ ਅਤੇ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਸਨ। ਪੁਲਿਸ ਅਨੁਸਾਰ ਉਸ ਨੇ ਬੱਚੇ ਦੀ ਲਾਸ਼ ਵਿਹੜੇ ਵਿੱਚ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਅਤੇ ਆਪਣੀ ਧੀ ਨੂੰ ਡਾਕਟਰੀ ਸਹਾਇਤਾ ਨਹੀਂ ਦਿਵਾਈ। ਮਾਮਲੇ ਦਾ ਫ਼ੈਸਲਾ ਹੋਣ ਤੋਂ ਪਹਿਲਾਂ ਮਾਰਚ 2019 ਵਿੱਚ ਉਸ ਦੀ ਖ਼ੁਦਕੁਸ਼ੀ ਨਾਲ ਮੌਤ ਹੋ ਗਈ ਸੀ।

