#AMERICA

ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਦੇ ਮਾਮਲੇ ’ਚ ਭਾਰਤੀ ਨਾਗਰਿਕ ਨੂੰ 121 ਮਹੀਨੇ ਦੀ ਕੈਦ

ਨਿਊ ਔਰਲੀਨਜ਼, ਲੂਈਜ਼ੀਆਨਾ, 10 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਫੈਡਰਲ ਅਦਾਲਤ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਅਮਰੀਕਾ ਲਿਆਉਣ ਅਤੇ ਆਪਣੇ ਕਬਜ਼ੇ ਵਿੱਚ ਰੱਖਣ ਦੇ ਮਾਮਲੇ ਵਿੱਚ 28 ਸਾਲਾ ਭਾਰਤੀ ਨਾਗਰਿਕ ਅਸ਼ੀਸ਼ ਕਪੂਰ ਉਰਫ਼ “ਰੋਮੀ ਕਪੂਰ” ਨੂੰ 121 ਮਹੀਨੇ, ਭਾਵ ਲਗਭਗ 10 ਸਾਲ ਇੱਕ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ ਕਪੂਰ 21 ਫਰਵਰੀ 2024 ਦੇ ਆਸ-ਪਾਸ ਮੁੰਬਈ ਤੋਂ ਨਿਊ ਔਰਲੀਨਜ਼ ਪਹੁੰਚਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਦੇ ਮੋਬਾਈਲ ਫੋਨ ਵਿੱਚ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਡਿਜੀਟਲ ਵੀਡੀਓਜ਼ ਅਤੇ ਤਸਵੀਰਾਂ ਮੌਜੂਦ ਸਨ। ਉਸ ’ਤੇ ਅਪ੍ਰੈਲ 2024 ਵਿੱਚ ਆਪਣੀ ਨਿਊ ਔਰਲੀਨਜ਼ ਰਿਹਾਇਸ਼ ਦੇ ਇੰਟਰਨੈੱਟ ਕੁਨੈਕਸ਼ਨ ਰਾਹੀਂ ਇੱਕ ਹੋਰ ਵੀਡੀਓ ਡਾਊਨਲੋਡ ਕਰਨ ਦਾ ਵੀ ਦੋਸ਼ ਸੀ।

ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ ਅਤੇ ਨਿਊ ਔਰਲੀਨਜ਼ ਪੁਲਿਸ ਨੇ ਉਸ ਨੂੰ 20 ਦਸੰਬਰ 2024 ਨੂੰ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਮੁਤਾਬਕ ਕਪੂਰ ਨੇ ਵਟਸਐਪ ਰਾਹੀਂ ਇਹ ਸਮੱਗਰੀ ਦੇਖਣ ਅਤੇ ਪ੍ਰਾਪਤ ਕਰਨ ਦੀ ਗੱਲ ਮੰਨੀ। ਉਸ ਨੇ 600 ਤੋਂ ਵੱਧ ਤਸਵੀਰਾਂ ਆਪਣੇ ਕੋਲ ਹੋਣ ਦੀ ਗੱਲ ਵੀ ਸਵੀਕਾਰ ਕੀਤੀ।

ਅਮਰੀਕੀ ਜ਼ਿਲ੍ਹਾ ਜੱਜ ਗ੍ਰੈਗ ਜੀ. ਗਾਈਡਰੀ ਨੇ 121 ਮਹੀਨੇ ਦੀ ਕੈਦ ਦੇ ਨਾਲ ਰਿਹਾਈ ਤੋਂ ਬਾਅਦ ਪੰਜ ਸਾਲ ਦੀ ਨਿਗਰਾਨੀ, 200 ਡਾਲਰ ਦੀ ਵਿਸ਼ੇਸ਼ ਫੀਸ ਅਤੇ ਇੱਕ ਪੀੜਤ ਨੂੰ 3,000 ਡਾਲਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਰਿਹਾਈ ਤੋਂ ਬਾਅਦ ਕਪੂਰ ਨੂੰ ਸੈਕਸ ਅਫੈਂਡਰ ਵਜੋਂ ਰਜਿਸਟਰ ਵੀ ਕਰਵਾਉਣਾ ਪਵੇਗਾ।

ਇਹ ਮਾਮਲਾ ਅਮਰੀਕੀ ਨਿਆਂ ਵਿਭਾਗ ਦੀ ਬੱਚਿਆਂ ਦੇ ਆਨਲਾਈਨ ਸ਼ੋਸ਼ਣ ਵਿਰੁੱਧ ਚਲਾਈ ਜਾ ਰਹੀ “ਪ੍ਰੋਜੈਕਟ ਸੇਫ ਚਾਈਲਡਹੁੱਡ” ਮੁਹਿੰਮ ਅਧੀਨ ਚਲਾਇਆ ਗਿਆ। ਕੇਸ ਦੀ ਜਾਂਚ ਹੋਮਲੈਂਡ ਸਕਿਉਰਿਟੀ, ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਨਿਊ ਔਰਲੀਨਜ਼ ਪੁਲਿਸ ਵੱਲੋਂ ਕੀਤੀ ਗਈ।