ਕੋਟਕਪੂਰਾ, 2 ਸਤੰਬਰ (ਪੰਜਾਬ ਮੇਲ)- ਇੱਥੇ ਬੱਤੀਆਂ ਵਾਲਾ ਚੌਕ ਵਿਚ ਪੰਥਕ ਜਥੇਬੰਦੀਆਂ ਨੇ ਸਾਲ 2015 ਵਿਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਇਨਸਾਫ਼ ਮਿਲਣ ਵਿਚ ਹੋ ਰਹੀ ਦੇਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਸੁਖਜੀਤ ਸਿੰਘ, ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸਾਧੂ ਸਿੰਘ ਸਰਾਵਾਂ, ਸੁਖਜੀਤ ਸਿੰਘ ਖੋਸਾ ਵੱਲੋਂ ਕੀਤੀ ਗਈ। ਜਥੇਬੰਦੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਦੇ ਕਾਰਕੁਨਾਂ ਵੱਲੋਂ ਪਹਿਲਾਂ ਸ਼ਾਂਤਮਈ ਢੰਗ ਨਾਲ ਪਾਠ ਕੀਤਾ ਗਿਆ ਤੇ ਮਗਰੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ‘ਆਪ’ ਵੱਲੋਂ ਚਾਰ ਘੰਟਿਆਂ ਵਿਚ ਬੇਅਦਬੀ ਤੇ ਗੋਲੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਗਈ ਸੀ ਪਰ ਇਨ੍ਹਾਂ ਮਸਲਿਆਂ ‘ਤੇ ਸੂਬਾ ਸਰਕਾਰ ਦਾ ਰਵੱਈਆ ਬਹੁਤ ਹੀ ਮੰਦਭਾਗਾ ਰਿਹਾ।
ਪੰਥਕ ਆਗੂਆਂ ਨੇ ਆਖਿਆ ਕਿ ਸਿੱਖ ਪੰਥ ਨੂੰ ਪਹਿਲਾਂ ਬਾਦਲਾਂ ਨੇ ਢਾਹ ਲਾਈ ਮਗਰੋਂ ਹੁਕਮਰਾਨਾਂ ਨੇ ਇਸ ਨੂੰ ਖੋਰਾ ਲਾਇਆ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਆਖ਼ਰ ਬੇਅਦਬੀ ਤੇ ਗੋਲੀ ਕਾਂਡ ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ। ਇਸ ਮੌਕੇ ਸਤਨਾਮ ਸਿੰਘ ਚੰਦੜ, ਜਸਕਰਨ ਸਿੰਘ, ਲਖਵੀਰ ਸਿੰਘ, ਤਰਲੋਚਨ ਸਿੰਘ, ਰਾਜਾ ਖੁਖਰਾਨਾ, ਜਗਜੀਤ ਸਿੰਘ, ਗੁਰਸੇਵਕ ਸਿੰਘ, ਚਮਕੌਰ ਸਿੰਘ, ਬਖਸ਼ੀਸ਼ ਸਿੰਘ, ਹਰਪਿੰਦਰ ਸਿੰਘ, ਹਰਜਿੰਦਰ ਸਿੰਘ, ਰੁਪਿੰਦਰ ਸਿੰਘ, ਰਣਜੀਤ ਸਿੰਘ, ਸ਼ਰਨਜੀਤ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ, ਬੇਅੰਤ ਸਿੰਘ, ਰੇਸ਼ਮ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਅਤੇ ਸੌਦਾਗਰ ਸਿੰਘ ਵੀ ਸੰਬੋਧਨ ਕੀਤਾ।