– ਸਾਜ਼ਿਸ਼ਘਾੜੇ ਦਾ ਨਾਂ ਨਾ ਦੱਸਿਆ; 31 ਅਕਤੂਬਰ ਨੂੰ ਸਜ਼ਾ ਸੁਣਾਏਗੀ ਅਦਾਲਤ
– ਗਵਾਹ ਮੁੱਕਰਨ ਕਾਰਨ ਮਲਿਕ ਹੋਇਆ ਸੀ ਬਰੀ
ਵੈਨਕੂਵਰ, 23 ਅਕਤੂਬਰ (ਪੰਜਾਬ ਮੇਲ)- ਸਰੀ ਵਿਚਲੀਆਂ ਖਾਲਸਾ ਵਿੱਦਿਅਕ ਸੰਸਥਾਵਾਂ ਦੇ ਬਾਨੀ ਅਤੇ ਖਾਲਸਾ ਕਰੈਡਿਟ ਯੂਨੀਅਨ (ਸਹਿਕਾਰੀ ਬੈਂਕ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ ਦੇ ਜੁਲਾਈ 2022 ‘ਚ ਕੀਤੇ ਕਤਲ ਦੇ ਮਾਮਲੇ ਵਿਚ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੁਪਰੀਮ ਕੋਰਟ ਵਿਚ ਸੁਣਵਾਈ ਹੋਈ, ਜਿਸ ਦੌਰਾਨ ਦੋ ਮੁਲਜ਼ਮਾਂ ਟੈਨਰ ਫੋਕਸ ਅਤੇ ਜੋਸ ਲੋਪੇਜ਼ ਨੇ ਆਪਣੇ ‘ਤੇ ਲੱਗੇ ਦੋਸ਼ ਕਬੂਲ ਲਏ। ਇਨ੍ਹਾਂ ਮੁਲਜ਼ਮਾਂ ਨੂੰ ਕਤਲ ਤੋਂ ਤਿੰਨ ਮਹੀਨੇ ਬਾਅਦ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਨਜ਼ਰਬੰਦ ਹਨ। ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਪਹਿਲਾ ਦਰਜਾ ਕਤਲ (ਗਿਣਮਿਥ ਕੇ ਮਾਰਨਾ) ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ, ਜਿਸ ਨੂੰ ਪੁਲਿਸ ਨੇ ਸੁਣਵਾਈ ਤੋਂ ਪਹਿਲਾਂ ਦੂਜੇ ਦਰਜੇ (ਅਚਾਨਕ ਕਤਲ) ਵਿਚ ਬਦਲ ਦਿੱਤਾ। ਅਦਾਲਤ ਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਲਈ 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸੁਣਵਾਈ ਦੌਰਾਨ ਦੋਵੇਂ ਮੁਲਜ਼ਮਾਂ ਦੀ ਆਪਸ ਵਿਚ ਤਕਰਾਰ ਹੋ ਗਈ, ਜਿਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ। ਇਸ ਮਾਮਲੇ ਵਿਚ ਇਹ ਸਪੱਸ਼ਟ ਨਹੀਂ ਹੋਇਆ ਕਿ ਮੁਲਜ਼ਮਾਂ ਨੂੰ ਇਸ ਕੰਮ ਲਈ ਫਿਰੌਤੀ ਕਿਸ ਨੇ ਦਿੱਤੀ ਸੀ ਕਿਉਂਕਿ ਪੁਲਿਸ ਪਹਿਲਾਂ ਤੋਂ ਮੰਨ ਕੇ ਚੱਲ ਰਹੀ ਸੀ ਕਿ ਦੋਹੇਂ ਭਾੜੇ ਦੇ ਕਾਤਲ ਹਨ ਤੇ ਉਨ੍ਹਾਂ ਇਹ ਕਤਲ ਫਿਰੌਤੀ ਲੈ ਕੇ ਕੀਤਾ ਪਰ ਪੁਲਿਸ ਵੱਲੋਂ ਕਤਲ ਦੀ ਡਿਗਰੀ ਬਦਲਣ ਤੋਂ ਬਾਅਦ ਚਰਚਾਵਾਂ ਚਲਦੀਆਂ ਰਹੀਆਂ। ਦੱਸਣਾ ਬਣਦਾ ਹੈ ਕਿ ਕੈਨੇਡਾ ‘ਚ ਦੋਸ਼ ਕਬੂਲ ਕੀਤੇ ਜਾਣ ‘ਤੇ ਸਜ਼ਾ ਵਿਚ ਵੀ ਕਟੌਤੀ ਕੀਤੀ ਜਾਂਦੀ ਹੈ।
ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿਚ ਗਿਣੇ ਜਾਂਦੇ ਰਿਪੁਦਮਨ ਸਿੰਘ ਮਲਿਕ ਉੱਤੇ 1985 ‘ਚ ਏਅਰ ਇੰਡੀਆ ਬੰਬ ਕਾਂਡ (ਕਨਿਸ਼ਕ) ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ ਪਰ ਗਵਾਹਾਂ ਦੇ ਮੁੱਕਰਨ ਕਾਰਨ ਉਹ ਬਰੀ ਹੋ ਗਿਆ ਸੀ। ਇਹ ਜਹਾਜ਼ ਅੰਧ ਮਹਾਂਸਾਗਰ ਵਿਚ ਡਿੱਗ ਗਿਆ ਸੀ ਤੇ ਇਸ ਹਾਦਸੇ ਵਿਚ 339 ਯਾਤਰੀ ਤੇ ਅਮਲਾ ਮਾਰਿਆ ਗਿਆ ਸੀ। ਇਸ ਤੋਂ ਇਲਾਵਾ ਮਲਿਕ ਉਤੇ 2020 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਛਾਪੇਖਾਨੇ ਵਿਚ ਛਾਪਣ ਦੇ ਦੋਸ਼ ਲੱਗੇ ਸਨ। ਉਸ ਸਾਲ ਉਸ ਨੂੰ ਭਾਰਤ ਦੀ ਕਾਲੀ ਸੂਚੀ ‘ਚੋਂ ਕੱਢਿਆ ਗਿਆ ਤੇ ਉਸ ਨੇ ਭਾਰਤ ਯਾਤਰਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਵਲੋਂ ਉਸ ਨੂੰ ਦਿੱਤੇ ਗਏ ਪ੍ਰਸ਼ੰਸਾ ਪੱਤਰ ਦੀ ਕਾਫੀ ਚਰਚਾ ਹੁੰਦੀ ਰਹੀ ਸੀ।
ਬੀ.ਸੀ. ਸੁਪਰੀਮ ਕੋਰਟ ‘ਚ ਰਿਪੁਦਮਨ ਮਲਿਕ ਦੇ ਕਾਤਲਾਂ ਨੇ ਦੋਸ਼ ਕਬੂਲੇ
