-ਸਰੀ ਗਿਲਫਰਡ ਦੀ ਸੀਟ ਨੇ ਕੀਤਾ ਨਿਪਟਾਰਾ
-ਚੋਣਾਂ ਜਿੱਤਣ ਵਾਲੇ ਪੰਜਾਬੀਆਂ ਦੀ ਗਿਣਤੀ ਹੁਣ 14 ਤੋਂ ਘਟ ਕੇ 13 ਹੋਈ
ਸਰੀ, 30 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਅਸੈਂਬਲੀ ਚੋਣਾਂ ਦੇ ਫਾਈਨਲ ਨਤੀਜਿਆਂ ਅਨੁਸਾਰ ਬੀ.ਸੀ. ਐੱਨ.ਡੀ.ਪੀ. ਨੂੰ ਸਰਕਾਰ ਬਣਾਉਣ ਲਈ ਲੋੜੀਂਦੀਆਂ 47 ਸੀਟਾਂ ਪ੍ਰਾਪਤ ਹੋ ਗਈਆਂ ਹਨ ਅਤੇ ਬੀ.ਸੀ. ਐੱਨ.ਡੀ.ਪੀ. ਲਈ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਬੀ.ਸੀ. ਅਸੈਂਬਲੀ ਲਈ 19 ਅਕਤੂਬਰ ਨੂੰ ਵੋਟਾਂ ਪਈਆਂ ਸਨ ਅਤੇ ਉਸ ਦਿਨ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਜੋ ਮੁੱਢਲੇ ਨਤੀਜੇ ਆਏ ਸਨ, ਉਨ੍ਹਾਂ ਵਿਚ ਬੀ.ਸੀ. ਐੱਨ.ਡੀ.ਪੀ. ਨੂੰ 46 ਸੀਟਾਂ, ਬੀ.ਸੀ. ਕੰਜ਼ਰਵੇਟਿਵ ਨੂੰ 45 ਸੀਟਾਂ ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਉੱਪਰ ਜਿੱਤ ਹਾਸਲ ਹੋਈ ਸੀ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਸੀ ਹੋਇਆ ਪਰ ਅਜੇ ਗ਼ੈਰ-ਹਾਜ਼ਰ ਅਤੇ ਡਾਕ ਰਾਹੀਂ ਆਈਆਂ 66074 ਵੋਟਾਂ ਦੀ ਗਿਣਤੀ ਹੋਣੀ ਬਾਕੀ ਸੀ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ ਲਈ 26 ਤੋਂ 28 ਅਕਤੂਬਰ ਤੱਕ ਤਿੰਨ ਦਿਨ ਨਿਸ਼ਚਿਤ ਕੀਤੇ ਗਏ ਸਨ।
ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ 26 ਅਕਤੂਬਰ ਨੂੰ ਸ਼ੁਰੂ ਹੋਈ, ਤਾਂ ਲੋਕਾਂ ਦੀ ਦਿਲਚਸਪੀ ਫੇਰ ਜਾਗੀ ਕਿ ਦੇਖੋ ਪਹਿਲਾਂ ਵਾਲੇ ਨਤੀਜਿਆਂ ਵਿਚ ਕੋਈ ਤਬਦੀਲੀ ਆਉਂਦੀ ਹੈ ਕਿ ਨਹੀਂ? ਫਾਈਨਲ ਗਿਣਤੀ ਦੇ ਤੀਜੇ ਦਿਨ ਸਰੀ ਗਿਲਫਰਡ ਦੀ ਸੀਟ ਨੇ ਪਾਸਾ ਪਲਟ ਦਿੱਤਾ। ਇੱਥੇ ਮੁੱਢਲੇ ਚੋਣ ਨਤੀਜੇ ਅਨੁਸਾਰ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਰੰਧਾਵਾ 103 ਵੋਟਾਂ ਨਾਲ ਅੱਗੇ ਸਨ ਪਰ ਗ਼ੈਰ-ਹਾਜ਼ਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ‘ਤੇ ਇਸ ਸੀਟ ਦਾ ਨਤੀਜਾ ਉਲਟ ਗਿਆ ਅਤੇ ਹੁਣ ਇਸ ਸੀਟ ਤੋਂ ਬੀ.ਸੀ. ਐੱਨ.ਡੀ.ਪੀ. ਦੇ ਉਮੀਦਵਾਰ ਗੈਰੀ ਬੈੱਗ 18 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਇਸ ਨਤੀਜੇ ਦੇ ਉਲਟ ਫੇਰ ਸਦਕਾ ਬੀ.ਸੀ. ਐੱਨ.ਡੀ.ਪੀ. ਹੁਣ 47 ਸੀਟਾਂ ਉੱਪਰ ਜੇਤੂ ਹੋ ਗਈ ਹੈਅਤੇ ਬੀ.ਸੀ. ਕੰਜ਼ਰਵੇਟਿਵ ਕੋਲ 44 ਸੀਟਾਂ ਰਹਿ ਗਈਆਂ ਹਨ, ਜਦੋਂਕਿ 2 ਸੀਟਾਂ ਗ੍ਰੀਨ ਪਾਰਟੀ ਦੇ ਹਿੱਸੇ ਆਈਆਂ ਹਨ। ਹੁਣ ਬੀ.ਸੀ. ਅਸੈਂਬਲੀ ਚੋਣਾਂ ਜਿੱਤਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ 14 ਤੋਂ ਘੱਟ ਕੇ 13 ਹੋ ਗਈ ਹੈ।
ਜਿੱਥੇ ਸਿਆਸੀ ਮਾਹਿਰਾਂ ਵੱਲੋਂ ਪਹਿਲਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਜੇਕਰ 19 ਅਕਤੂਬਰ ਨੂੰ ਆਏ ਨਤੀਜੇ ਫਾਈਨਲ ਗਿਣਤੀ ਹੋਣ ਤੱਕ ਉਵੇਂ ਹੀ ਬਰਕਰਾਰ ਰਹਿੰਦੇ ਹਨ, ਤਾਂ ਬੀ.ਸੀ. ਐੱਨ.ਡੀ.ਪੀ. ਨੂੰ ਸਰਕਾਰ ਬਣਾਉਣ ਲਈ ਗਰੀਨ ਪਾਰਟੀ ਦਾ ਸਹਿਯੋਗ ਲੈਣਾ ਜ਼ਰੂਰੀ ਹੋ ਜਾਵੇਗਾ, ਉੱਥੇ ਸਰੀ ਗਿਲਫਰਡ ਦੀ ਸੀਟ ਨੇ ਬੀ.ਸੀ. ਐੱਨ.ਡੀ.ਪੀ. ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ ਉਸ ਨੂੰ ਹੁਣ ਕਿਸੇ ਹੋਰ ਪਾਰਟੀ ਦੇ ਸਹਾਰੇ ਦੀ ਲੋੜ ਨਹੀਂ ਹੈ।
ਇਸੇ ਦੌਰਾਨ ਪਤਾ ਲੱਗਿਆ ਹੈ ਕਿ ਸਾਬਕਾ ਪ੍ਰੀਮੀਅਰ ਅਤੇ ਬੀ.ਸੀ. ਐੱਨ.ਡੀ.ਪੀ. ਆਗੂ ਡੇਵਿਡ ਈਬੀ ਵਿਕਟੋਰੀਆ ਵਿਖੇ ਬੀ.ਸੀ. ਦੇ ਗਵਰਨਰ ਜਨਰਲ ਨੂੰ ਮਿਲੇ ਅਤੇ ਉਨ੍ਹਾਂ ਅਨੁਸਾਰ ਗਵਰਨਰ ਜਨਰਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।