#AMERICA

ਬੀ.ਬੀ.ਸੀ. ਨੇ ਰਾਸ਼ਟਰਪਤੀ ਟਰੰਪ ਕੋਲੋਂ ਲਿਖਤੀ ਮੁਆਫੀ ਮੰਗੀ

ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਦਸਤਾਵੇਜ਼ੀ ਪ੍ਰਸਾਰਨ ਵਿਚ 6 ਜਨਵਰੀ 2021 ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੇ ਭਾਸ਼ਣ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਬੀ.ਬੀ.ਸੀ. ਨੇ ਲਿਖਤੀ ਰੂਪ ਵਿਚ ਮੁਆਫੀ ਮੰਗੀ ਹੈ। ਟਰੰਪ ਦੇ ਵਕੀਲਾਂ ਅਨੁਸਾਰ ਇਹ ਦਸਤਾਵੇਜ਼ੀ ਪ੍ਰਸਾਰਣ ਝੂਠਾ ਤੇ ਅਪਮਾਨ ਕਰਨ ਵਾਲਾ ਸੀ। ਬੀ.ਬੀ.ਸੀ. ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਐਤਵਾਰ ਨੂੰ ਮਿਲੇ ਇੱਕ ਪੱਤਰ ਦੇ ਜਵਾਬ ਵਿਚ ਟਰੰਪ ਦੀ ਲੀਗਲ ਟੀਮ ਨੂੰ ਮੁਆਫੀਨਾਮਾ ਭੇਜਿਆ ਗਿਆ ਹੈ। ਬੀ.ਬੀ.ਸੀ. ਮੁਖੀ ਸਮੀਰ ਸ਼ਾਹ ਨੇ ਵਾਈਟ ਹਾਊਸ ਨੂੰ ਲਿਖੇ ਇੱਕ ਵੱਖਰੇ ਨਿੱਜੀ ਪੱਤਰ ‘ਚ ਰਾਸ਼ਟਰਪਤੀ ਟਰੰਪ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਤੇ ਕਾਰਪੋਰੇਸ਼ਨ ਉਨ੍ਹਾਂ ਦੇ 6 ਜਨਵਰੀ 2021 ਦੇ ਭਾਸ਼ਣ ਵਿਚ ਕੀਤੀ ਤਬਦੀਲੀ ਲਈ ਮੁਆਫੀ ਮੰਗਦੇ ਹਨ। ਬੁਲਾਰੇ ਨੇ ਦਸਤਾਵੇਜ਼ੀ ਪ੍ਰਸਾਰਣ ਅਪਮਾਨਜਨਕ ਹੋਣ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਸ ਦਸਤਾਵੇਜ਼ੀ ਨੂੰ ਦੁਬਾਰਾ ਕਿਸੇ ਵੀ ਬੀ.ਬੀ.ਸੀ. ਪਲੇਟਫਾਰਮ ਉਪਰ ਮੁੜ ਪ੍ਰਸਾਰਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਮੁਆਫੀ ਨਾ ਮੰਗਣ ‘ਤੇ ਬੀ.ਬੀ.ਸੀ. ਉਪਰ 1 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ ਸੀ।