#INDIA

ਬਿਹਾਰ ‘ਚ ਮਹਾਗਠਜੋੜ ਸਰਕਾਰ ਡਿੱਗਣ ਵਾਲੀ ਹੈ, ਕਾਂਗਰਸ ਨੇ ਨਿਤੀਸ਼ ਦਾ ਅਪਮਾਣ ਕੀਤਾ: ਜੇਡੀਯੂ

ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਆਗੂ ਅਤੇ ਬੁਲਾਰੇ ਕੇਸੀ ਤਿਆਗੀ ਨੇ ਅੱਜ ਸਪੱਸ਼ਟ ਕੀਤਾ ਕਿ ਬਿਹਾਰ ਵਿਚ ਮਹਾਗਠਜੋੜ ਸਰਕਾਰ ਢਹਿ-ਢੇਰੀ ਹੋਣ ਦੇ ਕੰਢੇ ਹੈ ਅਤੇ ਉਨ੍ਹਾਂ ਕਾਂਗਰਸ ਲੀਡਰਸ਼ਿਪ ਦੇ ਇੱਕ ਹਿੱਸੇ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਾਰ-ਵਾਰ ਅਪਮਾਨ ਕਰਨ ਦਾ ਦੋਸ਼ ਲਾਇਆ। ਸ਼੍ਰੀ ਤਿਆਗੀ ਨੇ ਪੱਤਰਕਾਰਾਂ ਨੂੰ ਕਿਹਾ, ‘ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਵੀ ਟੁੱਟਣ ਵਾਲਾ ਹੈ। ਪੰਜਾਬ, ਪੱਛਮੀ ਬੰਗਾਲ ਅਤੇ ਬਿਹਾਰ ਵਿਚ ‘ਇੰਡੀਆ’ ਵਿਚ ਸ਼ਾਮਲ ਪਾਰਟੀਆਂ ਦਾ ਗਠਜੋੜ ਲਗਪਗ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਜਿਸ ਟੀਚੇ ਅਤੇ ਇਰਾਦੇ ਨਾਲ ਗੈਰ-ਕਾਂਗਰਸੀ ਪਾਰਟੀਆਂ ਨੂੰ ਕਾਂਗਰਸ ਦੇ ਨਾਲ ਲਿਆਉਣ ਵਿਚ ਸਫਲ ਰਹੇ ਹਨ, ਉਸ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ। ਉਨ੍ਹਾਂ ਦੇ ਨੇਤਾ ਨੂੰ ਗਲਤ ਸਮਝਿਆ ਗਿਆ ਹੈ।