ਮਾਨਸਾ, 19 ਦਸੰਬਰ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਇੰਟਰਵਿਊ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਪੁਲਿਸ, ਸਿਆਸੀ-ਗੈਂਗਸਟਰ ਗੱਠਜੋੜ ਦਾ ਪਰਦਾਫਾਸ਼ ਹੋ ਜਾਵੇਗਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ਵਿਚ ਦੋਸ਼ ਲਾਇਆ ਕਿ ਇੰਟਰਵਿਊ ਮਾਮਲੇ ‘ਚ ਬਰਖ਼ਾਸਤ ਡੀ.ਐੱਸ.ਪੀ. ਗੁਰਸ਼ੇਰ ਸਿੰਘ ਬਲੀ ਦਾ ਬੱਕਰਾ ਹੈ, ਜਦੋਂਕਿ ਵੱਡੀਆਂ ਮੱਛੀਆਂ ਹਾਲੇ ਵੀ ਸੁਰੱਖਿਅਤ ਹਨ ਕਿਉਂਕਿ ਉਨ੍ਹਾਂ ਖਿਲਾਫ਼ ਕੋਈ ਬੋਲਣ ਦੀ ਹਿੰਮਤ ਨਹੀਂ ਰੱਖਦਾ। ਕਿਸੇ ਸਮੇਂ ਇਸ ਅਧਿਕਾਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਸਨਮਾਨਿਤ ਕਰ ਚੁੱਕੇ ਹਨ। ਪੰਜਾਬ ਦੇ ਡੀ.ਜੀ.ਪੀ. ਤੇ ਜੇਲ੍ਹ ਵਿਭਾਗ ਦੇ ਅਧਿਕਾਰੀ ਜਵਾਬਦੇਹੀ ਤੋਂ ਭੱਜਦੇ ਤੇ ਇੰਟਰਵਿਊ ਨੂੰ ਝੁਠਲਾਉਂਦੇ ਰਹੇ ਹਨ, ਜਦੋਂ ਸੱਚਾਈ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਲਾਰੈਂਸ ਦੀ ਇੰਟਰਵਿਊ ਗ੍ਰਹਿ ਵਿਭਾਗ ਤੇ ਡੀ.ਜੀ.ਪੀ. ਦੇ ਅਧਿਕਾਰ ਖੇਤਰ ਵਿਚ ਪੁਲਿਸ ਸਟੇਸ਼ਨ ‘ਚ ਹੋਈ। ਉਨ੍ਹਾਂ ਕਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਚਾਉਣ ਦਾ ਦੋਸ਼ ਲਾਇਆ।