#PUNJAB

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਐਲਕ ਗਰੋਵ ਸਿਟੀ ਕੈਲੀਫੋਰਨੀਆ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਪਹੁੰਚੇ

ਕਿਹਾ; ਇਤਿਹਾਸ ਨੂੰ ਸਾਂਭਣ ਵਿਚ ਬਾਵਾ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ
ਮੁੱਲਾਂਪੁਰ ਦਾਖਾ, 9 ਫਰਵਰੀ (ਪੰਜਾਬ ਮੇਲ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਐਲਕ ਗਰੋਵ ਸਿਟੀ ਕੈਲੀਫੋਰਨੀਆ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਯੂ.ਐੱਸ.ਏ. ਉਚੇਚੇ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ”ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਵੀ ਕੀਤੇ।
ਇਸ ਸਮੇਂ ਗੱਲਬਾਤ ਕਰਦਿਆਂ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ”ਸ਼ਬਦ ਪ੍ਰਕਾਸ਼ ਅਜਾਇਬ ਘਰ” ਵਿਚ ਸੁਸ਼ੋਭਿਤ ਸਾਡੇ ਮਹਾਨ ਗੁਰੂਆਂ, ਭਗਤਾਂ, ਭੱਟਾਂ ਅਤੇ ਬਾਣੀਕਾਰਾਂ ਦੀ ਜੀਵਨੀ ਅਤੇ ਚਿੱਤਰ ਸਾਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੈ ਅਤੇ ਸਾਡੇ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਸੱਚਮੁਚ ਬਹੁਤ ਸਕੂਨ ਅਤੇ ਸ਼ਾਂਤੀ ਦਾ ਅਹਿਸਾਸ ਹੋਇਆ। ਉਨ੍ਹਾਂ ਕਿਹਾ ਕਿ ਬਾਵਾ ਵੱਲੋਂ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਸ਼ਲਾਘਾਯੋਗ ਹੈ। ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਸਤੇ ‘ਤੇ ਚੱਲ ਕੇ ਜੀਵਨ ਅੰਦਰ ਨਿਖਾਰ ਲਿਆਈਏ। ਇਸ ਸਮੇਂ ਸ਼੍ਰੀ ਬਾਵਾ ਅਤੇ ਸ. ਗਿੱਲ ਨੇ ਸ. ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ‘ਤੇ ਆਧਾਰਿਤ ਪੁਸਤਕ ”ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਭੇਂਟ ਕੀਤੀ।