#INDIA

ਬਾਬਾ ਤਰਸੇਮ ਸਿੰਘ ਦੀ ਹੱਤਿਆ ‘ਚ ਸ਼ਾਮਲ ਮੁਲਜ਼ਮਾਂ ਦੇ 4 ਮਦਦਗਾਰ Arrest

ਦੇਹਰਾਦੂਨ, 5 ਅਪ੍ਰੈਲ (ਪੰਜਾਬ ਮੇਲ)- ਉੱਤਰਾਖੰਡ ਦੇ ਨਾਨਕਮੱਤਾ ‘ਚ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਵਿਚ ਸ਼ਾਮਲ ਮੁਲਜ਼ਮਾਂ ਦੀ ਮਦਦ ਕਰਨ ਦੇ ਦੋਸ਼ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਹੱਥ ਹਾਲੇ ਤੱਕ ਹਮਲਾਵਰ ਨਹੀਂ ਲੱਗੇ। ਪੁਲਿਸ ਨੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਦੋ ਭਗੌੜੇ ਦੋਸ਼ੀਆਂ (ਸ਼ੂਟਰਾਂ) ਦੀ ਇਨਾਮੀ ਰਾਸ਼ੀ 25,000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ। ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦੀ 28 ਮਾਰਚ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਨਾਨਕਮੱਤਾ ਥਾਣੇ ਵਿਚ ਸਾਬਕਾ ਆਈ.ਏ.ਐੱਸ. ਅਧਿਕਾਰੀ ਹਰਬੰਸ ਸਿੰਘ ਚੁੱਘ ਅਤੇ ਦੋ ਹੋਰਾਂ ਪ੍ਰੀਤਮ ਸਿੰਘ ਅਤੇ ਬਾਬਾ ਅਨੂਪ ਸਿੰਘ ਖ਼ਿਲਾਫ਼ ਕਥਿਤ ਕਤਲ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਕਾਰ ਸੇਵਾ ਦੇ ਸੇਵਾਦਾਰ ਜਸਬੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਹਰਬੰਸ ਸਿੰਘ ਚੁੱਘ ਅਤੇ ਦੋ ਹੋਰਾਂ ਨੇ ਕਾਰ ਸੇਵਾ ਪ੍ਰਧਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਹੋਰ ਲੋਕ ਵੀ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹਨ। ਉੱਤਰਾਖੰਡ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿਚ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ।