#AMERICA

ਬਾਇਡਨ ਵੱਲੋਂ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਕਰਜ਼ੇ ਮਾਫ ਕਰਨ ਦਾ ਐਲਾਨ!

ਵਾਸ਼ਿੰਗਟਨ, 24 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਕਰਜ਼ੇ ਮਾਫ ਕਰ ਦਿੱਤੇ ਹਨ। ਬਾਇਡਨ ਨੇ 55 ਹਜ਼ਾਰ ਅਮਰੀਕੀ ਵਿਦਿਆਰਥੀਆਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਦਾ ਲਗਭਗ 4.28 ਅਰਬ ਡਾਲਰ (ਕਰੀਬ 36 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਖਤਮ ਹੋ ਜਾਵੇਗਾ। ਵ੍ਹਾਈਟ ਹਾਊਸ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ‘ਚ ਕਿਹਾ ਗਿਆ ਕਿ ਬਾਇਡਨ ਨੇ ਵਿਦਿਆਰਥੀਆਂ ਦੇ ਇਲਾਵਾ ਹੋਰ ਅਮਰੀਕੀ ਨਾਗਰਿਕਾਂ ਦੇ ਕਰਜ਼ੇ ਵੀ ਮਾਫ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਅਧਿਆਪਕ, ਨਰਸਾਂ, ਹੋਰ ਸੇਵਾ ਪ੍ਰਦਾਤਾ, ਵਕੀਲ, ਪੁਲਿਸ ਆਦਿ ਸ਼ਾਮਲ ਹਨ।
ਅਮਰੀਕੀ ਸਿੱਖਿਆ ਮੰਤਰੀ ਮਿਗੁਏਲ ਕਾਰਡੋਨਾ ਨੇ ਕਿਹਾ ਕਿ ਇਸ ਨਵੇਂ ਫੈਸਲੇ ਤੋਂ ਬਾਅਦ ਬਾਇਡਨ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਲਗਭਗ 50 ਲੱਖ ਲੋਕਾਂ (55 ਹਜ਼ਾਰ ਵਿਦਿਆਰਥੀਆਂ ਸਮੇਤ) ਦੇ ਕਰੀਬ 180 ਅਰਬ ਡਾਲਰ (ਲਗਭਗ 15.29 ਲੱਖ ਕਰੋੜ ਰੁਪਏ) ਦੇ ਕਰਜ਼ੇ ਮਾਫ ਕਰਨ ਦਾ ਰਸਤਾ ਸਾਫ ਹੋ ਜਾਵੇਗਾ। ਬਿਆਨ ਵਿਚ ਬਾਇਡਨ ਨੇ ਕਿਹਾ ਕਿ ਉਹ ਆਪਣੇ ਸ਼ਾਸਨ ਦੇ ਪਹਿਲੇ ਦਿਨ ਤੋਂ ਇਹ ਯਕੀਨੀ ਕਰਨਾ ਚਾਹੁੰਦੇ ਸਨ ਕਿ ਜਨਤਾ ਉਨ੍ਹਾਂ ਦੀ ਸਰਕਾਰ ਨੂੰ ਇੱਕ ਚੰਗੇ ਸ਼ਾਸਕ ਵਜੋਂ ਯਾਦ ਰੱਖੇ, ਨਾ ਕਿ ਇੱਕ ਬੁਰੇ ਅਤੇ ਕਠੋਰ ਸ਼ਾਸਕ ਵਜੋਂ। ਡੈਮੋਕ੍ਰੇਟਿਕ ਰਾਸ਼ਟਰਪਤੀ ਨੇ 2022 ਵਿਚ ਵਿਦਿਆਰਥੀ ਕਰਜ਼ਾ ਮਾਫੀ ਦਾ ਇੱਕ ਇਤਿਹਾਸਕ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਪਿਊ ਰਿਸਰਚ ਸੈਂਟਰ ਦੀ ਇੱਕ 2023 ਦੀ ਇਕ ਰਿਪੋਰਟ ਦੱਸਦੀ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਹਰ ਚਾਰ ਵਿਚੋਂ ਇੱਕ ਅਮਰੀਕੀ ਬਾਲਗ ਵਿਦਿਆਰਥੀ ਕਰਜ਼ੇ ਵਿਚ ਘਿਰਿਆ ਹੈ। ਇਸ ‘ਚ ਉਨ੍ਹਾਂ ‘ਤੇ ਔਸਤਨ 20 ਹਜ਼ਾਰ ਤੋਂ 25 ਹਜ਼ਾਰ ਡਾਲਰ ਦਾ ਕਰਜ਼ਾ ਹੈ। ਅਮਰੀਕੀ ਕਾਲਜਾਂ ਵਿਚ ਪੜ੍ਹਨ ਦੀ ਲਾਗਤ ਆਮ ਤੌਰ ‘ਤੇ ਪ੍ਰਤੀ ਸਾਲ 10 ਹਜ਼ਾਰ ਤੋਂ 70 ਹਜ਼ਾਰ ਡਾਲਰ ਦੇ ਵਿਚਕਾਰ ਹੁੰਦੀ ਹੈ। ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੱਡੇ ਕਰਜ਼ੇ ਵਿਚ ਘਿਰਿਆ ਪਾਉਂਦੇ ਹਨ।