ਅਮਰੀਕਾ ਪਿਛਲੇ ਚਾਰ ਸਾਲਾਂ ‘ਚ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਤੇ ਸੁਰੱਖਿਅਤ ਹੋਣ ਦਾ ਕੀਤਾ ਦਾਅਵਾ
ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)- ਇਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਮਾੜੇ ਵਿੱਤੀ ਸੰਕਟ ‘ਚੋਂ ਬਾਹਰ ਆਉਂਦੇ ਹੋਏ ਅਮਰੀਕਾ ਪਿਛਲੇ ਚਾਰ ਸਾਲਾਂ ‘ਚ ਜੋਅ ਬਾਇਡਨ ਦੀ ਅਗਵਾਈ ਵਿਚ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰਿਆ ਹੈ। ਇਹ ਗੱਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਦੇ ਨਾਂ ਲਿਖੀ ਇਕ ਚਿੱਠੀ ਵਿਚ ਆਖੀਆਂ।
ਬਾਇਡਨ ਨੇ ਆਪਣੇ ਦੇਸ਼ ਵਾਸੀਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ, ”ਇਤਿਹਾਸ ਤੁਹਾਡੇ ਹੱਥਾਂ ਵਿਚ ਹੈ। ਸੱਤਾ ਤੁਹਾਡੇ ਹੱਥਾਂ ਵਿਚ ਹੈ। ਅਮਰੀਕਾ ਦਾ ਵਿਚਾਰ ਤੁਹਾਡੇ ਹੱਥਾਂ ਵਿਚ ਹੈ। ਸਾਨੂੰ ਸਿਰਫ਼ ਵਿਸ਼ਵਾਸ ਕਰਨਾ ਹੋਵੇਗਾ ਅਤੇ ਚੇਤੇ ਰੱਖਣਾ ਹੋਵੇਗਾ ਕਿ ਅਸੀਂ ਕੌਣ ਹਾਂ। ਅਸੀਂ ਸੰਯੁਕਤ ਰਾਜ ਅਮਰੀਕਾ ਹਾਂ, ਅਤੇ ਜਦੋਂ ਅਸੀਂ ਇਕਜੁੱਟ ਹੋ ਕੇ ਕਰਦੇ ਹਾਂ ਤਾਂ ਸਾਧਾਰਨ ਤੌਰ ‘ਤੇ ਅਜਿਹਾ ਕੋਈ ਕੰਮ ਨਹੀਂ ਹੈ, ਜੋ ਅਸੀਂ ਨਹੀਂ ਕਰ ਸਕਦੇ।”
ਉਨ੍ਹਾਂ ਕਿਹਾ, ”ਚਾਰ ਸਾਲ ਪਹਿਲਾਂ ਅਸੀਂ ਇਕ ਖਤਰੇ ਦੀ ਸਰਦੀ ਅਤੇ ਇਕ ਸੰਭਾਵਨਾਵਾਂ ਵਾਲੀ ਸਰਦੀ ਵਿਚ ਖੜ੍ਹੇ ਸੀ। ਅਸੀਂ ਇਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਭੈੜੇ ਸੰਕਟ ਦੇ ਸ਼ਿਕੰਜੇ ਵਿਚ ਸੀ ਅਤੇ ਖਾਨਾਜੰਗੀ ਤੋਂ ਬਾਅਦ ਇਹ ਸਾਡੇ ਲੋਕਤੰਤਰ ‘ਤੇ ਸਭ ਤੋਂ ਭੈੜਾ ਹਮਲਾ ਸੀ। ਪਰ ਅਸੀਂ ਅਮਰੀਕੀਆਂ ਵਜੋਂ ਇਕਜੁੱਟ ਹੋਏ ਅਤੇ ਇਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਹੁਣ ਅਸੀਂ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰੇ ਹਾਂ।”
ਚਾਰ ਸਾਲ ਰਾਸ਼ਟਰਪਤੀ ਰਹਿਣ ਤੋਂ ਬਾਅਦ ਬਾਇਡਨ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡਣਗੇ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ (78) ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ।
ਬਾਇਡਨ ਨੇ ਪੱਤਰ ਵਿਚ ਕਿਹਾ, ”ਅੱਜ, ਸਾਡੇ ਕੋਲ ਦੁਨੀਆਂ ਦਾ ਸਭ ਤੋਂ ਮਜ਼ਬੂਤ ਅਰਥਚਾਰਾ ਹੈ ਅਤੇ ਅਸੀਂ ਰਿਕਾਰਡ 1.66 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ। ਤਨਖ਼ਾਹਾਂ ਵਧੀਆਂ ਹਨ। ਮਹਿੰਗਾਈ ਲਗਾਤਾਰ ਹੇਠਾਂ ਆ ਰਹੀ ਹੈ। ਅਸੀਂ ਸਮੁੱਚੇ ਰਾਸ਼ਟਰ ਦਾ ਨਵ ਨਿਰਮਾਣ ਕਰ ਰਹੇ ਹਾਂ। ਅਮਰੀਕਾ ‘ਚ ਉਤਪਾਦਨ ਪਰਤ ਰਿਹਾ ਹੈ। ਅਸੀਂ ਇਕ ਵਾਰ ਫਿਰ ਤੋਂ ਸੈਮੀਕੰਡਕਟਰ ਉਦਯੋਗ ਸਣੇ ਵਿਗਿਆਨ ਤੇ ਨਵੀਨਤਾ ਦੇ ਖੇਤਰ ਵਿਚ ਦੁਨੀਆਂ ਦੀ ਅਗਵਾਈ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ 50 ਸਾਲ ਤੋਂ ਵੱਧ ਸਮਾਂ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ।
ਬਾਇਡਨ ਵੱਲੋਂ ਦੇਸ਼ ਵਾਸੀਆਂ ਦੇ ਨਾਂ ਚਿੱਠੀ
