#AMERICA

ਬਾਇਡਨ ਵੱਲੋਂ ਅਮਰੀਕੀ ਅਦਾਲਤ ‘ਚ ਭਾਰਤੀ ਮੂਲ ਦੇ ਜੱਜ ਨੂੰ ਨਾਮਜ਼ਦ ਕਰਨ ਦਾ ਐਲਾਨ

ਵਾਸ਼ਿੰਗਟਨ, 10 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਭਾਰਤੀ ਮੂਲ ਦੇ ਜੱਜ ਸੰਕੇਤ ਜੈਸੁਖ ਬੁਲਸਾਰਾ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਬੁਲਸਾਰਾ ਸਕਿਓਰਿਟੀਜ਼, ਇਕਰਾਰਨਾਮੇ, ਦਿਵਾਲੀਆ ਅਤੇ ਰੈਗੂਲੇਟਰੀ ਮਾਮਲਿਆਂ ਦੇ ਮਾਹਰ ਹਨ। ਬੁਲਸਾਰਾ 2017 ਤੋਂ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਇੱਕ ਯੂ.ਐੱਸ. ਮੈਜਿਸਟਰੇਟ ਜੱਜ ਹੈ। ਜਦੋਂ ਉਨ੍ਹਾਂ ਨੂੰ ਮੈਜਿਸਟਰੇਟ ਜੱਜ ਵਜੋਂ ਨਿਯੁਕਤ ਕੀਤਾ ਗਿਆ ਤਾਂ ਉਹ ਦੂਜੇ ਸਰਕਟ ਵਿਚ ਕਿਸੇ ਵੀ ਅਦਾਲਤ ਵਿਚ ਸੇਵਾ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਅਮਰੀਕੀ ਸੰਘੀ ਜੱਜ ਸਨ। ਇਕ ਖ਼ਬਰ ਮੁਤਾਬਕ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਬੁਲਸਰਾ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਬੁਲਸਾਰਾ ਬਾਈਡੇਨ ਵੱਲੋਂ ਸੰਘੀ ਜ਼ਿਲ੍ਹਾ ਅਦਾਲਤਾਂ ਲਈ ਨਾਮਜ਼ਦ 4 ਵਿਅਕਤੀਆਂ ਵਿਚੋਂ ਇੱਕ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਸਾਰੇ ਨਾਮਜ਼ਦ ਵਿਅਕਤੀ ਯੋਗ, ਅਨੁਭਵੀ ਅਤੇ ਕਾਨੂੰਨ ਦੇ ਸ਼ਾਸਨ ਅਤੇ ਸਾਡੇ ਸੰਵਿਧਾਨ ਲਈ ਵਚਨਬੱਧ ਹਨ।ਜਨਵਰੀ 2017 ਤੋਂ ਮਈ 2017 ਤੱਕ, ਬੁਲਸਰਾ ਨੇ ਯੂ.ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਕਾਰਜਕਾਰੀ ਜਨਰਲ ਕੌਂਸਲ ਵਜੋਂ ਕੰਮ ਕੀਤਾ ਸੀ, ਜਿੱਥੇ ਉਹ 2015 ਤੋਂ ਅਪੀਲੀ ਮੁਕੱਦਮੇਬਾਜ਼ੀ, ਨਿਰਣਾਇਕ ਅਤੇ ਲਾਗੂ ਕਰਨ ਲਈ ਡਿਪਟੀ ਜਨਰਲ ਕਾਉਂਸਲ ਰਹੇ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਲਮਰ ਕਟਲਰ ਪਿਕਰਿੰਗ ਹੇਲ ਅਤੇ ਡੋਰ ਐੱਲ.ਐੱਲ.ਪੀ. ਵਿਚ 2005 ਤੋਂ 2008 ਤੱਕ ਇੱਕ ਸਹਿਯੋਗੀ, 2009 ਤੋਂ 2011 ਤੱਕ ਇਕ ਵਕੀਲ ਅਤੇ 2012 ਤੋਂ 2015 ਤੱਕ ਇੱਕ ਭਾਗੀਦਾਰ ਵਜੋਂ ਕੰਮ ਕੀਤਾ ਸੀ। ਸਾਲ 2007 ਅਤੇ 2008 ਦੇ ਵਿਚਕਾਰ 6 ਮਹੀਨਿਆਂ ਲਈ, ਉਨ੍ਹਾਂ ਨੇ ਕਿੰਗਜ਼ ਕਾਉਂਟੀ (ਬਰੁਕਲਿਨ) ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵਿਚ ਇੱਕ ਵਿਸ਼ੇਸ਼ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਕੰਮ ਕੀਤਾ ਅਤੇ 2003 ਤੋਂ 2004 ਤੱਕ ਲਾਸ ਏਂਜਲਸ, ਕੈਲੀਫੋਰਨੀਆ ਵਿਚ ਮੁੰਗੇਰ, ਟੋਲੇਸ ਅਤੇ ਓਲਸਨ ਐੱਲ.ਐੱਲ.ਪੀ. ਵਿਚ ਇੱਕ ਸਹਿਯੋਗੀ ਵਜੋਂ ਕੰਮ ਕੀਤਾ। ਬੁਲਸਾਰਾ ਨੇ 2002 ਤੋਂ 2003 ਤੱਕ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿਚ ਜੱਜ ਜੌਨ ਜੀ ਕੋਇਲਟ ਦੇ ਇੱਕ ਕਾਨੂੰਨ ਕਲਰਕ ਵਜੋਂ ਕੰਮ ਕੀਤਾ ਸੀ। ਬੁਲਸਾਰਾ ਦਾ ਜਨਮ ਬ੍ਰੌਂਕਸ ਵਿਚ ਭਾਰਤ ਅਤੇ ਕੀਨੀਆ ਤੋਂ ਆਏ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ 50 ਸਾਲ ਪਹਿਲਾਂ ਇੱਥੇ ਆ ਕੇ ਵੱਸ ਗਏ ਸਨ। ਉਨ੍ਹਾਂ ਦੇ ਪਿਤਾ ਨੇ ਨਿਊਯਾਰਕ ਸ਼ਹਿਰ ਵਿਚ ਇੱਕ ਇੰਜੀਨੀਅਰ ਵਜੋਂ ਕੰਮ ਕੀਤਾ ਅਤੇ ਉਨ੍ਹਾਂ ਦੀ ਮਾਂ ਇੱਕ ਨਰਸ ਸੀ। ਬੁਲਸਾਰਾ ਆਪਣੀ ਪਤਨੀ ਕ੍ਰਿਸਟੀਨ ਡੀਲੋਰੇਂਜ਼ੋ ਨਾਲ ਲੋਂਗ ਆਈਲੈਂਡ ਸਿਟੀ ਵਿਚ ਰਹਿੰਦੇ ਹਨ।